ਚੰਡੀਗੜ੍ਹ/ਜਲੰਧਰ — ਪਾਕਿਸਤਾਨ ਵਿਖੇ ਸਦੀਆਂ ਪੁਰਾਣੇ ‘ਗੁਰੂ ਨਾਨਕ ਮਹਿਲ’ ਨੂੰ ਤੋੜਨ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ‘ਚ ਕੈਪਟਨ ਨੇ ਕਿਹਾ ਕਿ ਨਰਿੰਦਰ ਮੋਦੀ ਪਾਕਿਸਤਾਨ ਤੋਂ ‘ਗੁਰੂ ਨਾਨਕ ਮਹਿਲ’ ਦੇ ਤੋੜੇ ਜਾਣ ਦੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਪਾਕਿਸਤਾਨ ਦੀ ਸਰਕਾਰ ‘ਤੇ ਦਬਾਅ ਬਣਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਕਿ ਉਹ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ‘ਤੇ ਦਬਾਅ ਬਣਾਉਣ ਕਿ ਉਹ ਸਿੱਖ ਧਰੋਹਰ ਨਾਲ ਜੁੜੇ ਅਜਿਹੇ ਸਾਰੇ ਸਮਾਰਕਾਂ ਦੀ ਸੰਸਥਾਗਤ ਤਰੀਕੇ ਨਾਲ ਸਾਂਭ-ਸੰਭਾਲ ਕਰਨ ਤਾਂਕਿ ਅਜਿਹੀਆਂ ਘਟਨਾਵਾਂ ਨਾ ਹੋ ਸਕਣ।
ਮੁੱਖ ਮੰਤਰੀ ਕਿਹਾ ਕਿ ਜੇਕਰ ਮੋਦੀ ਸਰਕਾਰ ਪਾਕਿਸਤਾਨ ਸਰਕਾਰ ਤੋਂ ਇਜਾਜ਼ਤ ਲਵੇ ਤਾਂ ਪੰਜਾਬ ਸਰਕਾਰ ‘ਗੁਰੂ ਨਾਨਕ ਮਹਿਲ’ ਨੂੰ ਫਿਰ ਤੋਂ ਬਣਵਾਏਗੀ। ਉਨ੍ਹਾਂ ਨੇ ਕਿਹਾ ਕਿ ਮਹਿਲ ਨੂੰ ਤੋੜਨ ਦੀ ਘਟਨਾ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਸਥਾਨਕ ਲੋਕਾਂ ਨੇ ਓਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮੌਨ ਸਹਿਮਤੀ ਨਾਲ ਗੁਰੂ ਨਾਨਕ ਮਹਿਲ ਦਾ ਵੱਡਾ ਹਿੱਸਾ ਤੋੜ ਦਿੱਤਾ ਗਿਆ ਸੀ ਅਤੇ ਮਹਿਲ ਦੀਆਂ ਕੀਮਤੀ ਖਿੜਕੀਆਂ ਅਤੇ ਦਰਵਾਜ਼ੇ ਵੇਚ ਦਿੱਤੇ ਗਏ ਸਨ।