ਨਵੀਂ ਦਿੱਲੀ—ਲੋਕ ਸਭਾ ਚੋਣਾਂ ‘ਚ ਰਾਜਸਥਾਨ ‘ਚ ਕਾਂਗਰਸ ਦੀ ਹਾਰ ਨੂੰ ਲੈ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਕਾਂਗਰਸ ਕਾਰਜ ਕਮੇਟੀ (ਸੀ. ਡਬਵਿਊ. ਸੀ) ਦੀ ਬੈਠਕ ‘ਚ ਨਰਾਜ਼ਗੀ ਜਤਾਈ ਗਈ ਅਤੇ ਸੂਬਾ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਜਵਾਬਦੇਹੀ ਤੈਅ ਕਰਨ ਦੀ ਮੰਗ ਬਾਰੇ ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਅੱਜ ਭਾਵ ਮੰਗਲਵਾਰ ਨੂੰ ਸੀਨੀਅਰ ਨੇਤਾਵਾਂ ਦੀ ਬੈਠਕ ਜਾਰੀ ਹੈ। ਮਾਹਿਰਾਂ ਦੇ ਮੁਤਾਬਕ ਇਸ ਬੈਠਕ ‘ਚ ਰਾਹੁਲ ਗਾਂਧੀ ਤੋਂ ਇਲਾਵਾ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਪਹੁੰਚੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ 25 ਮਈ ਨੂੰ ਹੋਈ ਸੀ. ਡਬਲਿਯੂ. ਸੀ. ਦੀ ਬੈਠਕ ਦੌਰਾਨ ਲੋਕ ਸਭਾ ਚੋਣਾਂ ‘ਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਪਾਰਟੀ ਦੇ ਖਾਤਮੇ ਨੂੰ ਲੈ ਕੇ ਵਿਸ਼ੇਸ਼ ਰੂਪ ‘ਚ ਨਰਾਜ਼ਗੀ ਜਤਾਈ ਸੀ। ਮਾਹਿਰਾਂ ਮੁਤਾਬਕ ਸੀ. ਡਬਲਿਊ. ਸੀ. ਦੀ ਬੈਠਕ ਦੌਰਾਨ ਰਾਹੁਲ ਗਾਂਧੀ ਨੇ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਸਮੇਤ ਕੁਝ ਵੱਡੇ ਖੇਤਰੀ ਨੇਤਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਨੇਤਾਵਾਂ ਨੇ ਬੇਟਿਆਂ-ਰਿਸ਼ਤੇਦਾਰਾਂ ਨੂੰ ਟਿਕਟ ਦਿਵਾਉਣ ਲਈ ਜਿੱਦ ਕੀਤੀ ਅਤੇ ਉਨ੍ਹਾਂ ਨੂੰ ਚੋਣਾਂ ਜਿਤਾਉਣ ‘ਚ ਲੱਗੇ ਰਹੇ ਅਤੇ ਦੂਜੇ ਸਥਾਨਾਂ ‘ਤੇ ਧਿਆਨ ਨਹੀਂ ਦਿੱਤਾ। ਇਸ ਬੈਠਕ ‘ਚ ਹਾਰ ਦੀ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਗਾਂਧੀ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਹਾਲਾਂਕਿ ਸੀ. ਡਬਲਿਊ. ਸੀ ਨੇ ਪ੍ਰਸਤਾਵ ਪਾਸ ਕਰ ਇਸ ਨੂੰ ਸਰਵਸੰਮਤੀ ਨਾਲ ਖਾਰਿਜ ਕਰ ਦਿੱਤਾ ਹੈ।