ਚੰਡੀਗੜ੍ਹ/ਜਲੰਧਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਟਵਿੱਟਰ ‘ਤੇ ਸ਼ਾਇਰਾਨਾ ਅੰਦਾਜ਼ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਵਲੋਂ ਕੀਤੇ ਗਏ ਇਸ ਨਵੇਂ ਟਵੀਟ ‘ਤੇ ਚਰਚਾ ਛਿੜ ਗਈ ਹੈ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਹੈ, ”ਜ਼ਿੰਦਗੀ ਆਪਣੇ ਦਮ ‘ਤੇ ਜੀ ਜਾਂਦੀ ਹੈ, ਦੂਜਿਆਂ ਦੇ ਮੋਢੇ ‘ਤੇ ਤਾਂ ਜਨਾਜ਼ੇ ਉੱਠਿਆ ਕਰਦੇ ਹਨ।”
ਅਸਲ ‘ਚ ਪੰਜਾਬ ‘ਚ ਜਿੱਤ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੱਦ ਰਾਸ਼ਟਰੀ ਕਾਂਗਰਸ ‘ਚ ਕਾਫੀ ਵਧ ਗਿਆ ਹੈ ਅਤੇ ਨਵਜੋਤ ਸਿੱਧੂ ਹੁਣ ਟਵੀਟਾਂ ਰਾਹੀਂ ਹੀ ਕੈਪਟਨ ‘ਤੇ ਨਿਸ਼ਾਨੇ ਸਾਧ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਲਾਮਾ ਇਕਬਾਲ ਦੀ ਇਕ ਕਵਿਤਾ ਵੀ ਟਵੀਟ ਕੀਤੀ ਸੀ। ਨਵਜੋਤ ਸਿੱਧੂ ਟਵੀਟ ਕਰਕੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਲਗਾਤਾਰ ਕੈਪਟਨ ‘ਤੇ ਨਿਸ਼ਾਨੇ ਵਿੰਨ ਰਹੇ ਹਨ।