ਚੰਡੀਗੜ੍ਹ : ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣਾ ਅਸਤੀਫਾ ਕਾਂਗਰਸ ਹਾਈਕਮਾਨ ਨੂੰ ਭੇਜ ਦਿੱਤਾ ਹੈ, ਹਾਲਾਂਕਿ ਹਾਈਕਮਾਨ ਵਲੋਂ ਇਸ ਅਸਤੀਫੇ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਸੁਨੀਲ ਜਾਖੜ ਨੇ ਕਾਂਗਰਸ ਦੀ ਟਿਕਟ ‘ਤੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਖਿਲਾਫ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ।
ਇਸ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਮੈਂ ਆਪਣੀ ਹੀ ਸੀਟ ਲੈਣ ‘ਚ ਅਸਫਲ ਰਿਹਾ ਤਾਂ ਸੂਬੇ ਦੇ ਮੁਖੀ ਵਜੋਂ ਕਿਵੇਂ ਰਹਿ ਸਕਦਾ ਹਾਂ। ਜਾਖੜ ਨੇ ਕਿਹਾ ਕਿ ਹਰ ਕਿਸੇ ਨੇ ਮੈਨੂੰ ਪੂਰਾ ਸਮਰਥਨ ਦਿੱਤਾ ਅਤੇ ਮੇਰੇ ਲਈ ਸਭ ਕੁਝ ਕੀਤਾ ਪਰ ਮੈਂ ਆਪਣੀ ਹੀ ਸੀਟ ਨਹੀਂ ਬਚਾ ਸਕਿਆ, ਇਸ ਲਈ ਨੈਤਿਕਤਾ ਦੇ ਆਧਾਰ ‘ਤੇ ਮੈਂ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਨ ਦਾ ਸੁਨੀਲ ਜਾਖੜ ਦੇ ਅਸਤੀਫੇ ‘ਤੇ ਕੀ ਫੈਸਲਾ ਆਉਂਦਾ ਹੈ।