ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੀ ਘੋਸੀ ਸੀਟ ਤੋਂ ਬਸਪਾ ਦੇ ਨਵੇਂ ਚੁਣੇ ਸੰਸਦ ਮੈਂਬਰ ਅਤੁੱਲ ਰਾਏ ਨੂੰ ਬਲਾਤਕਾਰ ਦੇ ਮਾਮਲੇ ‘ਚ ਗ੍ਰਿਫਤਾਰੀ ਤੋਂ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਰਾਏ ‘ਤੇ ਵਾਰਾਣਸੀ ਦੀ ਇਕ ਵਿਦਿਆਰਥਣ ਦੇ ਬਾਲਤਕਾਰ ਦਾ ਦੋਸ਼ ਹੈ। ਚੀਫ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਅਨਿਰੁੱਧ ਬੋਸ ਨੇ ਕਿਹਾ ਕਿ ਉਹ ਰਾਏ ਨੂੰ ਗ੍ਰਿਫਤਾਰੀ ਤੋਂ ਰਾਹਤ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਦੇ ਪੱਖ ‘ਚ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਰਾਏ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਛੋਟ ਦੇਣ ਤੋਂ ਇਨਕਾਰ ਕਰ ਚੁਕੀ ਹੈ। ਕਾਲਜ ਦੀ ਵਿਦਿਆਰਥਣ ਦੀ ਸ਼ਿਕਾਇਤ ‘ਤੇ ਇਕ ਮਈ ਨੂੰ ਰਾਏ ਵਿਰੁੱਧ ਇਹ ਮਾਮਲਾ ਦਰਜ ਹੋਇਆ ਸੀ। ਵਿਦਿਆਰਥਣ ਨੇ ਦੋਸ਼ ਲਗਾਇਆ ਹੈ ਕਿ ਰਾਏ ਆਪਣੀ ਪਤਨੀ ਨਾਲ ਮਿਲਵਾਉਣ ਦੀ ਗੱਲ ਕਹਿ ਕੇ ਉਸ ਨੂੰ ਘਰ ਲੈ ਗਏ ਅਤੇ ਉੱਥੇ ਉਸ ਦਾ ਯੌਨ ਸੋਸ਼ਣ ਕੀਤਾ। ਰਾਏ ਦੇ ਵਕੀਲ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ‘ਚ ਪੇਸ਼ਗੀ ਜ਼ਮਾਨਤ ਦਾ ਕੋਈ ਪ੍ਰਬੰਧ ਨਹੀਂ ਹੈ, ਇਸ ਲਈ ਹਾਈ ਕੋਰਟ ਨੇ ਗ੍ਰਿਫਤਾਰੀ ਤੋਂ ਛੋਟ ਦੀ ਅਪੀਲ ਕਰਨ ਵਾਲੀ ਰਾਏ ਦੀ ਪਟੀਸ਼ਨ 8 ਮਈ ਨੂੰ ਠੁਕਰਾ ਦਿੱਤੀ ਸੀ।