ਨਵੀਂ ਦਿੱਲੀ— ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਮਿਲੀ ਕਰਾਰੀ ਹਾਰ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਬਨਿਟ ਨਾਲ ਮੀਟਿੰਗ ਕੀਤੀ। ਕੇਜਰੀਵਾਲ ਨੇ ਹਾਰ ਤੋਂ ਨਾਰਾਜ਼ ਪਾਰਟੀ ਵਰਕਰਾਂ ਵਿਚ ਮੁੜ ਤੋਂ ਜੋਸ਼ ਅਤੇ ਉਤਸ਼ਾਹ ਭਰਨ ਲਈ ਕਿਹਾ ਕਿ ਜਨਤਾ ਦੇ ਫੈਸਲੇ ਨੂੰ ਸਿਰ ਮੱਥੇ ਮੰਨੋ। ਕੇਜਰੀਵਾਲ ਨੇ ਆਪਣਾ ਸੰਬੋਧਨ- ‘ਹਾਓ ਇਜ਼ ਦਾ ਜੋਸ਼’ ਨਾਲ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕਈ ਵਾਰ ਸਾਨੂੰ ਅਪਮਾਨ ਸਹਿਣਾ ਪੈਂਦਾ ਅਤੇ ਮੈਨੂੰ ਇਸ ਅਪਮਾਨ ਨੂੰ ਨਿਮਰਤਾ ਨਾਲ ਸਵੀਕਾਰ ਕਰਨ ਲਈ ਆਪਣੇ ਵਰਕਰਾਂ ‘ਤੇ ਮਾਣ ਹੈ। ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਵਾਲੇ ਅੰਨਾ ਹਜ਼ਾਰੇ ਨੇ ਉਨ੍ਹਾਂ ਨੂੰ ਕਿਹਾ ਸੀ, ”ਜਦੋਂ ਕੋਈ ਸਿਆਸਤ ਜਾਂ ਜਨਤਕ ਜੀਵਨ ‘ਚ ਆਉਂਦਾ ਹੈ ਤਾਂ ਉਸ ਵਿਚ ਅਪਮਾਨ ਵੀ ਸਹਿਣ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ।”
ਕੇਜਰੀਵਾਲ ਨੇ ਵਰਕਰਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ‘ਤੇ ਧਿਆਨ ਕੇਂਦਰਿਤ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਤੁਸੀਂ ਦਿੱਲੀ ਦੇ ਲੋਕਾਂ ਕੋਲ ਜਾਉ ਅਤੇ ਉਨ੍ਹਾਂ ਨੂੰ ਦੱਸੋ ਕਿ ਵੱਡੀ ਚੋਣ ਖਤਮ ਹੋ ਗਈ ਹੈ ਅਤੇ ਛੋਟੀਆਂ ਚੋਣਾਂ ਆਉਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿਚ ਤੁਸੀਂ ਲੋਕ ਨਾਂ ਦੇ ਆਧਾਰ ‘ਤੇ ਨਹੀਂ ਸਗੋਂ ਕਿ ਕੰਮ ਦੇ ਆਧਾਰ ‘ਤੇ ਵੋਟ ਪਾਉ। ਕੇਜਰੀਵਾਲ ਨੇ ਅੱਗੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਿਸੇ ਇਕ ਵਿਧਾਇਕ ਜਾਂ ਕੌਂਸਲਰ ਵਲੋਂ ਨਹੀਂ ਲੜੀਆਂ ਜਾਣਗੀਆਂ। ਇਹ ਟੀਮ ਕੇਜਰੀਵਾਲ ਵਲੋਂ ਲੜੀਆਂ ਜਾਣਗੀਆਂ ਅਤੇ ਸਾਡਾ ਨਾਅਰਾ ਹੋਵੇਗਾ- ‘ਲੜਾਂਗੇ, ਜਿੱਤਾਂਗੇ’। ਇਸ ਦੇ ਨਾਲ ਹੀ ਕੇਜਰੀਵਾਲ ਨੇ ਦਿੱਲੀ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੈਬਨਿਟ ਨਾਲ ਚਰਚਾ ਕੀਤੀ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 2019 ‘ਚ ‘ਆਪ’ ਦਿੱਲੀ ‘ਚ ਸਾਰੀਆਂ 7 ਸੀਟਾਂ ‘ਤੇ ਭਾਰੀ ਵੋਟਾਂ ਦੇ ਫਰਕ ਨਾਲ ਚੋਣਾਂ ਹਾਰ ਗਈ।