ਅਮੇਠੀ— ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਅਮੇਠੀ ਤੋਂ ਭਾਜਪਾ ਨੇਤਾ ਸਮਰਿਤੀ ਇਰਾਨੀ ਦੀ ਜਿੱਤ ਤੋਂ ਦੋ ਦਿਨਾਂ ਬਾਅਦ ਹੀ ਉਨ੍ਹਾਂ ਦੇ ਕਰੀਬੀ ਅਤੇ ਭਾਜਪਾ ਵਰਕਰ ਸੁਰਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਰਿੰਦਰ ਸਿੰਘ ਬਰੌਲੀ ਪਿੰਡ ਦੇ ਸਾਬਕਾ ਪ੍ਰਧਾਨ ਸਨ। ਮ੍ਰਿਤਕ ਦੇ ਬੇਟੇ ਨੇ ਕਾਂਗਰਸ ਵਰਕਰਾਂ ‘ਤੇ ਹੱਤਿਆ ਦਾ ਦੋਸ਼ ਲਾਇਆ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਮਰਿਤੀ ਦਿੱਲੀ ਤੋਂ ਅਮੇਠੀ ਪਹੁੰਚੀ ਅਤੇ ਸੁਰਿੰਦਰ ਸਿੰਘ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਈ। ਬਸ ਇੰਨਾ ਹੀ ਨਹੀਂ ਸਮਰਿਤੀ ਨੇ ਸੁਰਿੰਦਰ ਸਿੰਘ ਦੀ ਅਰਥੀ ਨੂੰ ਮੋਢਾ ਵੀ ਦਿੱਤਾ। ਓਧਰ ਇਸ ਘਟਨਾ ਬਾਰੇ ਉੱਤਰ ਪ੍ਰਦੇਸ਼ ਦੇ ਡੀ. ਜੀ. ਪੀ. ਓਪੀ ਸਿੰਘ ਨੇ ਕਿਹਾ ਕਿ ਸਾਨੂੰ ਘਟਨਾ ਦੇ ਅਹਿਮ ਸੁਰਾਗ ਮਿਲੇ ਹਨ। 7 ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਸਾਨੂੰ ਵਿਸ਼ਵਾਸ ਹੈ ਕਿ ਅਗਲੇ 12 ਘੰਟਿਆਂ ਵਿਚ ਕੇਸ ਦੀ ਗੁੱਥੀ ਸੁਲਝਾ ਲਈ ਜਾਵੇਗੀ।
ਦੱਸਣਯੋਗ ਹੈ ਕਿ ਉੱਤਰ ਪ੍ਰਦਸ਼ੇ ਦੇ ਅਮੇਠੀ ਵਿਚ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੇ ਕਰੀਬੀ ਅਤੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਨੂੰ ਸ਼ਨੀਵਾਰ ਦੇਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਰਿੰਦਰ ਸਿੰਘ ਰਾਤ ਦੇ ਸਮੇਂ ਆਪਣੇ ਘਰ ਦੇ ਬਾਹਰ ਸੁੱਤੇ ਹੋਏ ਸਨ, ਇਸ ਦਰਮਿਆਨ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ। ਸੁਰਿੰਦਰ ਦੇ ਬੇਟੇ ਅਭੈ ਨੇ ਇਸ ਘਟਨਾ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਪਿਤਾ ਘਰ ਦੇ ਬਾਹਰ ਸਨ ਅਤੇ ਅਸੀਂ ਲੋਕ ਅੰਦਰ ਸੀ। ਅਚਾਨਕ ਬਾਹਰ ਤੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਅਸੀਂ ਬਾਹਰ ਦੌੜ ਕੇ ਆਏ ਅਤੇ ਦੇਖਿਆ ਕਿ ਉਨ੍ਹਾਂ ਦੇ ਸਿਰ ਤੋਂ ਕਾਫੀ ਖੂਨ ਵਹਿ ਰਿਹਾ ਹੈ। ਅਸੀਂ ਲੋਕ ਉਨ੍ਹਾਂ ਨੂੰ ਜ਼ਿਲਾ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਟਰਾਮਾ ਸੈਂਟਰ ਰੈਫਰ ਕਰ ਦਿੱਤਾ। ਲਖਨਊ ਲੈ ਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ।