ਬਨੀਹਾਲ/ਜੰਮੂ — ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਵਿਚ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ‘ਤੇ ਸ਼ਨੀਵਾਰ ਤੜਕੇ ਜ਼ਮੀਨ ਖਿਸਕ ਕਾਰਨ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੀ ਇਕਮਾਤਰ ਸੜਕ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਨੈਸ਼ਨਲ ਹਾਈਵੇਅ ਰਾਮਬਨ ਦੇ ਪੁਲਸ ਸੁਪਰਡੈਂਟ (ਆਵਾਜਾਈ) ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਪਿਛਲੇ ਦੋ ਤੋਂ ਪੈ ਰਹੇ ਮੀਂਹ ਕਾਰਨ ਬੈਟਰੀ ਚਸ਼ਮਾ ਦੇ ਨੇੜੇ ਜ਼ਮੀਨ ਖਿਸਕ ਕਾਰਨ 270 ਕਿਲੋਮੀਟਰ ਲੰਬਾ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ। ਸ਼ਨੀਵਾਰ ਸਵੇਰੇ ਸ਼੍ਰੀਨਗਰ ਲਈ ਰਵਾਨਾ ਹੋਏ ਹਜ਼ਾਰਾਂ ਵਾਹਨ ਸੜਕ ਬੰਦ ਹੋਣ ਤੋਂ ਬਾਅਦ ਹਾਈਵੇਅ ‘ਤੇ ਫਸੇ ਹੋਏ ਹਨ।
ਪੁਲਸ ਸੁਪਰਡੈਂਟ ਸੁਰੇਸ਼ ਨੇ ਦੱਸਿਆ ਕਿ ਸਬੰਧਤ ਏਜੰਸੀਆਂ ਨੇ ਕਰਮਚਾਰੀਆਂ ਅਤੇ ਮਸ਼ੀਨਾਂ ਨੂੰ ਰਸਤਾ ਖੋਲ੍ਹਣ ਦੇ ਕੰਮ ‘ਤੇ ਲਾਇਆ ਹੈ। ਉਨ੍ਹਾਂ ਨੇ ਦੱਸਿਆ, ”ਕਾਫੀ ਮਲਬਾ ਹੋਣ ਕਾਰਨ ਰਸਤਾ ਸਾਫ ਹੋਣ ‘ਚ ਕਈ ਘੰਟੇ ਲੱਗਣਗੇ। ਅਸੀਂ ਕੰਮ ਕਰ ਰਹੇ ਹਾਂ ਅਤੇ ਜਿੰਨੀ ਛੇਤੀ ਹੋ ਸਕੇ ਓਨੀਂ ਛੇਤੀ ਹਾਈਵੇਅ ‘ਤੇ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”