ਚੰਡੀਗੜ੍ਹ : ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਸ਼ਨ-13 ਦੇ ਰੂਪ ਵਿਚ ਸਾਰੀਆਂ ਸੀਟਾਂ ਜਿੱਤਣ ਦਾ ਟੀਚਾ ਲੈ ਕੇ ਮੈਦਾਨ ਵਿਚ ਉਤਰੇ ਸਨ ਪਰ ਉਨ੍ਹਾਂ ਦਾ ਮਿਸ਼ਨ 8 ਸੀਟਾਂ ‘ਤੇ ਸੁੰਗੜ ਕੇ ਰਹਿ ਗਿਆ। ਭਾਵੇਂ ਦੇਸ਼ ਭਰ ਵਿਚ ਕਾਂਗਰਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੰਜਾਬ ਵਿਚ ਪਾਰਟੀ ਦੀ ਇਹ ਵੱਡੀ ਜਿੱਤ ਹੈ, ਫਿਰ ਵੀ ਕੈਪਟਨ ਨੇ ਆਪਣੇ ਮੰਤਰੀਆਂ ਅਤੇ ਵਿਧਇਕਾਂ ਨੂੰ ਚੋਣ ਮਹਿੰਮ ਵਿਚ ਜਿੰਨੇ ਕਰੜੇ ਹੁਕਮਾਂ ਨਾਲ ਲਗਾਇਆ ਸੀ, ਉਹ ਪੂਰਾ ਨਹੀਂ ਹੋ ਸਕਿਆ। ਇਸ ਦਾ ਕੈਪਟਨ ਨੂੰ ਮਲਾਲ ਹੈ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਚੋਣ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਵਾਲੇ ਮੰਤਰੀਆਂ-ਵਿਧਾਇਕਾਂ ‘ਤੇ ਕਾਰਵਾਈ ਹੋਵੇਗੀ।
ਪੰਜਾਬ ਵਿਚ ਜਿਨ੍ਹਾਂ ਪੰਜ ਸੀਟਾਂ ‘ਤੇ ਕਾਂਗਰਸ ਉਮੀਦਵਾਰ ਨਹੀਂ ਜਿੱਤ ਸਕੇ, ਉਨ੍ਹਾਂ ਸੀਟਾਂ ਦੇ ਅਧੀਨ ਕੈਪਟਨ ਦੇ ਕਰੀਬ ਅੱਧਾ ਦਰਜਨ ਮੰਤਰੀ ਆਉਂਦੇ ਹਨ। ਯਾਨੀ ਕੈਪਟਨ ਜੇਕਰ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਕੈਬਨਿਟ ‘ਚੋਂ ਕਈ ਮੰਤਰੀਆਂ ਦੀ ਛੁੱਟੀ ਕਰਨੀ ਹੋਵੇਗੀ। ਦਰਅਸਲ, ਚੋਣ ਪ੍ਰਚਾਰ ਦੌਰਾਨ ਕੈਪਟਨ ਨੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਮੰਤਰੀਆਂ ਦੇ ਇਲਾਕੇ ਵਿਚ ਕਾਂਗਰਸੀ ਉਮੀਦਵਾਰ ਪੱਛੜਦੇ ਹਨ ਤਾਂ ਉਨ੍ਹਾਂ ਦੀ ਕੁਰਸੀ ਖਤਰੇ ‘ਚ ਪੈ ਸਕਦੀ ਹੈ। ਨਾਲ ਹੀ ਵਿਧਾਇਕਾਂ ਨੂੰ ਨਾ ਤਾਂ ਚੇਅਰਮੈਨੀ ਮਿਲੇਗੀ ਅਤੇ ਨਾ ਹੀ ਅਗਲੀਆਂ ਚੋਣਾਂ ਵਿਚ ਟਿਕਟ। ਹੁਣ ਦੇਖਣਾ ਇਹ ਹੋਵੇਗਾ ਕਿ ਹਾਰ ਵਾਲੀਆਂ ਪੰਜ ਸੀਟਾਂ ਦੇ ਅਧੀਨ ਆਉਂਦੇ ਮੰਤਰੀਆਂ ਤੇ ਵਿਧਾਇਕਾਂ ‘ਤੇ ਮੁੱਖ ਮੰਤਰੀ ਕਿਹੜੀ ਕਾਰਵਾਈ ਅਮਲ ਵਿਚ ਲਿਆਉਂਦੇ ਹਨ।