ਸੂਰਤ—ਗੁਜਰਾਤ ਦੇ ਸੂਰਤ ਸ਼ਹਿਰ ਦੇ ਸਰਥਾਨਾ ਇਲਾਕੇ ਵਿਚ ਸ਼ੁੱਕਰਵਾਰ ਇਕ ਇਮਾਰਤ ਵਿਚ ਚੱਲ ਰਹੀ ਟਿਊਸ਼ਨ ਦੀ ਜਮਾਤ ਵਿਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 20 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿਚ ਝੁਲਸ ਗਏ।ਮੌਕੇ ‘ਤੇ ਪਹੁੰਚੀ ਪੁਲਸ ਨੇ ਇਸ ਮਾਮਲੇ ‘ਚ ਕੋਚਿੰਗ ਕੰਪਲੈਕਸ ਦੇ ਬਿਲਡਰ ਹਰਸ਼ਲ ਵਕੇਰਿਆ ਅਤੇ ਜਿਗਨੇਸ਼ ਤੋਂ ਇਲਾਵਾ ਕੋਚਿੰਗ ਕੰਪਲੈਕਸ ਦੇ ਮਾਲਿਕ ਭਾਰਗਵ ਭੂਟਾਨੀ ਖਿਲਾਫ FIR ਦਰਜ ਕਰ ਕੇ ਹਿਰਾਸਤ ‘ਚ ਲੈ ਲਿਆ।
ਫਾਇਰ ਬ੍ਰਿਗੇਡ ਦੇ ਇਕ ਸਥਾਨਕ ਅਧਿਕਾਰੀ ਈਸ਼ਵਰ ਭਾਈ ਪਟੇਲ ਨੇ ਦੱਸਿਆ ਕਿ 5 ਮੰਜ਼ਿਲਾ ਇਮਾਰਤ ‘ਤਕਸ਼ਿਲਾ ਆਰਕੇਰਡ’ ਦੀ ਦੂਜੀ ਮੰਜ਼ਿਲ ‘ਤੇ ਚੱਲ ਰਹੀ ਟਿਊਸ਼ਨ ਦੀ ਉਕਤ ਕਲਾਸ ਵਿਚ ਬਾਅਦ ਦੁਪਹਿਰ ਇਹ ਅੱਗ ਲੱਗ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 21 ਮੋਟਰ-ਗੱਡੀਆਂ ਮੌਕੇ ‘ਤੇ ਪੁੱਜੀਆਂ। ਉਨ੍ਹਾਂ ਕਈ ਘੰਟਿਆਂ ਦੀ ਮਿਹਨਤ ਪਿੱਛੋਂ ਅੱਗ ‘ਤੇ ਕਾਬੂ ਪਾਇਆ।12 ਹੋਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਗੁਜਰਾਤ ਦੇ ਉਪ-ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਹੈ ਕਿ ਅਸੀਂ ਇਸ ਮਾਮਲੇ ‘ਚ ਵਿਸਥਾਰ ਪੂਰਵਕ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਹਾਦਸੇ ਵਾਲੇ ਸਥਾਨ ਦਾ ਜ਼ਾਇਜਾ ਲੈਣ ਤੋਂ ਬਾਅਦ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਹੈ ਕਿ ਆਡਿਟ ਤੋਂ ਪਤਾ ਲਗਾਇਆ ਜਾਵੇਗਾ ਕਿ ਸੂਬੇ ‘ਚ ਸਿੱਖਿਆ ਸੰਸਥਾਵਾਂ ‘ਚ ਅੱਗ ਦੀਆਂ ਘਟਨਾਵਾਂ ਤੋਂ ਬਚਾਅ ਲਈ ਸਮੁੱਚੇ ਰੂਪ ਨਾਲ ਉਪਕਰਣ ਅਤੇ ਸਹੂਲਤਾਂ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਸ਼ਹਿਰਾਂ ਅਤੇ ਨਗਰਾਂ ‘ਚ ਹਸਪਤਾਲ, ਮਾਲ ਅਤੇ ਹੋਰ ਵਪਾਰਿਕ ਇਮਾਰਤਾਂ ਨੂੰ ਵੀ ਆਡਿਟ ‘ਚ ਸ਼ਾਮਿਲ ਕੀਤਾ ਜਾਵੇਗਾ।