ਚੰਡੀਗੜ੍ਹ : ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਮੰਤਰੀ ਮੰਡਲ ਬਨਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਨਵੇਂ ਮੰਤਰੀ ਮੰਡਲ ਵਿਚ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਮੁੜ ਮੰਤਰੀ ਬਣਨ ਦੀ ਚਰਚਾ ਹੈ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਮੋਦੀ ਦੀ ਪਿਛਲੀ ਸਰਕਾਰ ਵਿਚ ਫੂਡ ਪ੍ਰੋਸੈਸਿੰਗ ਮੰਤਰੀ ਦੇ ਅਹੁਦੇ ‘ਤੇ ਸਨ। ਲੋਕ ਸਭਾ ਦੀਆਂ 543 ਸੀਟਾਂ ‘ਚੋਂ ਇਕੱਲੀ ਭਾਜਪਾ ਨੇ ਹੀ 302 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਐੱਨ. ਡੀ. ਏ. ਨੇ 351 ਸੀਟਾਂ ਜਿੱਤੀਆਂ ਹਨ ਜਦਕਿ ਭਾਜਪਾ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਨੇ ਦੋ ਸੀਟਾਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਨੇ ਜੇਤੂ ਰਹੇ ਹਨ।
ਪਾਰਟੀ ਦੇ ਪ੍ਰਧਾਨ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਦੀਆਂ ਕੇਂਦਰੀ ਕੈਬਨਿਟ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ, ਕਿਉਂਕਿ ਸੁਖਬੀਰ ਬਾਦਲ ਪੰਜਾਬ ਦੇ ਜ਼ਮੀਨੀ ਪੱਧਰ ‘ਤੇ ਰਹਿ ਕੇ ਪਾਰਟੀ ਨੂੰ ਮਜ਼ਬੂਤ ਕਰਨ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਉਂਝ 1998-1999 ਵਿਚ ਸੁਖਬੀਰ ਬਾਦਲ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿਚ ਕੇਂਦਰੀ ਉਦਯੋਗ ਰਾਜ ਮੰਤਰੀ ਵੀ ਰਹਿ ਚੁੱਕੇ ਹਨ।
ਬਾਦਲ ਪਰਿਵਾਰ ਦੇ ਖਾਸਮ-ਖਾਸ ਅਤੇ ਰਾਜ ਸਭਾ ਮੈਂਬਰੀ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਅਕਾਲੀ ਦਲ ਦੀ ਅਗਵਾਈ ਕਰ ਸਕਦੇ ਹਨ ਕਿਉਂਕਿ ਸੁਖਬੀਰ ਬਾਦਲ ਪੰਜਾਬ ਵਿਚ ਰਹਿ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨੀ ਹੈ।