ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ‘ਚ ਸ਼ਨੀਵਾਰ ਦੀ ਸਵੇਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਤੇਜ਼ ਰਫਤਾਰ ਬੇਕਾਬੂ ਕਾਰ ਗੰਗ ਨਹਿਰ ਵਿਚ ਡਿੱਗਣ ਕਾਰਨ ਉਸ ‘ਤੇ ਸਵਾਰ ਇਕ ਹੀ ਪਰਿਵਾਰ ਦੀ 6 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਔਰਤਾਂ ਨੂੰ ਰੋਹਟਾ ਅਤੇ ਮੇਰਠ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਕ ਔਰਤ ਲਾਪਤਾ ਦੱਸੀ ਗਈ ਹੈ, ਜਿਸ ਦੀ ਭਾਲ ਜਾਰੀ ਹੈ।
ਪੁਲਸ ਸੂਤਰਾਂ ਮੁਤਾਬਕ ਗੁਰੂਗ੍ਰਾਮ ਦਾ ਰਹਿਣ ਵਾਲਾ 11 ਮੈਂਬਰੀ ਪਰਿਵਾਰ ਸ਼ੁੱਕਰਵਾਰ ਤੜਕੇ ਗੰਗਾ ਇਸ਼ਨਾਨ ਲਈ ਹਰੀਦੁਆਰ ਜਾ ਰਿਹਾ ਸੀ। ਸਵੇਰੇ ਕਰੀਬ 5 ਵਜੇ ਜਿਵੇਂ ਹੀ ਉਨ੍ਹਾਂ ਦੀ ਕਾਰ ਮੇਰਠ ਜ਼ਿਲੇ ਦੇ ਰੋਹਟਾ ਕਸਬੇ ਦੇ ਜਟਪੁਰਾ ਪਿੰਡ ਨੇੜੇ ਪਹੁੰਚੀ ਤਾਂ ਕਾਰ ਦਾ ਇਕ ਟਾਇਰ ਪੈਂਚਰ ਹੋ ਗਿਆ ਅਤੇ ਰਫਤਾਰ ਤੇਜ਼ ਹੋਣ ਕਰ ਕੇ ਕਾਰ ਬੇਕਾਬੂ ਹੋ ਕੇ ਗੰਗ ਨਹਿਰ ‘ਚ ਡੁੱਬ ਗਈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਰ ‘ਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਪਰ ਉਦੋਂ ਤਕ 3 ਬੱਚਿਆਂ 6 ਸਾਲਾ ਅੰਸ਼ਿਕਾ, 8 ਸਾਲਾ ਅੰਸ਼ੂ ਗੁਪਤਾ ਅਤੇ 5 ਸਾਲਾ ਆਸ਼ੂਤੋਸ਼ ਤੋਂ ਇਲਾਵਾ ਰਿੰਕੀ, ਸੰਦੀਪ ਗੁਪਤਾ ਅਤੇ ਡਰਾਈਵਰ ਰਿੱਕੀ ਦਮ ਤੋੜ ਚੁੱਕੇ ਸਨ।
ਮੌਕੇ ‘ਤੇ ਪੁੱਜੀ ਪੁਲਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਸੋਨੀ (19), ਸ਼ਾਲਿਨੀ (21), ਦੇਵੀ ਗੁਪਤਾ (30), ਆਸ਼ਾ ਗੁਪਤਾ (32) ਵਾਲ-ਵਾਲ ਬਚ ਗਈਆਂ। ਦੇਵੀ ਗੁਪਤਾ ਮੇਰਠ ਦੇ ਜ਼ਿਲਾ ਹਸਪਤਾਲ ਵਿਚ ਭਰਤੀ ਹੈ, ਜਦਕਿ ਆਸ਼ਾ ਗੁਪਤਾ ਅਤੇ ਸ਼ਾਲਿਨੀ ਰੋਹਟਾ ਦੇ ਸੀ. ਐੱਚ. ਸੀ. ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੇਰਠ ਪੁਲਸ ਨੇ ਲਾਸ਼ਾਂ ਦੀ ਪਛਾਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।