ਅਦਾਕਾਰੀ ਤੋਂ ਰਾਜਨੀਤੀ ‘ਚ ਆਏ ਸਨੀ ਦਿਓਲ ਦੀ ਸੁਪਰਹਿੱਟ ਫ਼ਿਲਮ ਗ਼ਦਰ ਨੂੰ ਦਰਸ਼ਕਾਂ ਅਤੇ ਆਲੋਚਕਾਂ ਨੇ ਖ਼ੂਬ ਪਸੰਦ ਕੀਤਾ ਸੀ। ਇਸ ਫ਼ਿਲਮ ‘ਚ ਸਨੀ ਨੇ ਤਾਰਾ ਸਿੰਘ ਦਾ ਇੱਕ ਯਾਦਗਾਰੀ ਕਿਰਦਾਰ ਨਿਭਾਇਆ ਸੀ। ਫ਼ਿਲਮ ‘ਚ ਉਸ ਨਾਲ ਅਮੀਸ਼ਾ ਪਟੇਲ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ ਨੇ ਬੌਕਸ ਆਫ਼ਿਸ ‘ਤੇ ਜ਼ਬਰਦਸਤ ਕਮਾਈ ਕੀਤੀ ਅਤੇ ਕਈ ਰਿਕਾਰਡ ਬਣਾਏ ਸਨ। ਹੁਣ ਇਸ ਫ਼ਿਲਮ ਦਾ ਸੀਕੁਅਲ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਗ਼ਦਰ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਸੀ। ਫ਼ਿਲਮ ਦਾ ਨਿਰਮਾਣ 18 ਕਰੋੜ ਰੁਪਏ ‘ਚ ਹੋਇਆ ਸੀ ਅਤੇ ਇਸ ਨੇ 256 ਕਰੋੜ ਰੁਪਏ ਕਮਾਈ ਕੀਤੀ ਸੀ।
ਸੂਤਰਾਂ ਮੁਤਾਬਿਕ ਇਸ ਫ਼ਿਲਮ ਦਾ ਸੀਕੁਅਲ ਬਣਾਉਣ ਦੀ ਤਿਆਰੀ ਪਿਛਲੇ 15 ਸਾਲ ਤੋਂ ਚੱਲ ਰਹੀ ਹੈ। ਫ਼ਿਲਮ ਜਿੱਥੇ ਖ਼ਤਮ ਹੋਈ ਸੀ ਉਸ ਤੋਂ ਅੱਗੇ ਸ਼ੁਰੂ ਕੀਤੀ ਜਾਵੇਗੀ। ਇਹ ਸਨੀ ਦਿਓਲ ਅਤੇ ਉਸ ਦੇ ਬੇਟੇ ਜੀਤ ਦੀ ਕਹਾਣੀ ਹੋਵੇਗੀ। ਫ਼ਿਲਮ ਦੀ ਕਹਾਣੀ ਨੂੰ ਭਾਰਤ-ਪਾਕਿ ਵਾਲੇ ਰੁਖ਼ ਤੋਂ ਅੱਗੇ ਵਧਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ਨੂੰ ਲੈ ਕੇ ਸਨੀ ਦਿਓਲ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਹੈ। ਜਿਵੇਂ ਬਾਹੁਬਲੀ, ਰੈਂਬੋ ਅਤੇ ਫ਼ਾਸਟ ਐਂਡ ਫ਼ਿਊਰੀਅਸ ਵਰਗੀਆਂ ਫ਼ਿਲਮਾਂ ਦੀ ਸਟਾਰਕਾਸਟ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ, ਉਸੇ ਤਰ੍ਹਾਂ ਫ਼ਿਲਮ ਗ਼ਦਰ ਵਿੱਚ ਵੀ ਸਾਰੀ ਪੁਰਾਣੀ ਸਟਾਰਕਾਸਟ ਹੀ ਨਜ਼ਰ ਆਵੇਗੀ।
ਇਸ ਵਕਤ ਫ਼ਿਲਮ ਦਾ ਮੁੱਖ ਹੀਰੋ ਸਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਲੜੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਦੀ ਇੰਤਜ਼ਾਰ ਕਰ ਰਿਹਾ ਹੈ। ਦੂਜੇ ਪਾਸੇ, ਅਮੀਸ਼ਾ ਪਟੇਲ ਦਾ ਵੀ ਫ਼ਿਲਮੀ ਕਰੀਅਰ ਕੋਈ ਚੰਗਾ ਨਹੀਂ ਚੱਲ ਰਿਹਾ। ਪਿਛਲੇ ਸਾਲ ਅਮੀਸ਼ਾ ਅਤੇ ਸਨੀ ਫ਼ਿਲਮ ਭਈਆਜੀ ਸੁਪਰਹਿੱਟ ‘ਚ ਨਜ਼ਰ ਆਏ ਸਨ। ਇਹ ਫ਼ਿਲਮ ਬੁਰੀ ਤਰ੍ਹਾਂ ਫ਼ਲੌਪ ਰਹੀ ਸੀ। ਦੇਖਣਾ ਇਹ ਹੋਵੇਗਾ ਕਿ ਇਹ ਦੋਹੇਂ ਸਿਤਾਰੇ ਗ਼ਦਰ ਦੇ ਸੀਕੁਅਲ ‘ਚ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ।