ਬਠਿੰਡਾ : ਲੋਕ ਸਭਾ ਹਲਕਾ ਬਠਿੰਡਾ ‘ਚ ਮਿਲੀ ਵੱਡੀ ਹਾਰ ਤੋਂ ਬਾਅਦ ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਖਹਿਰਾ ਨੇ ਕਿਹਾ ਕਿ ਲੋਕਾਂ ਦਾ ਫਤਵਾ ਉਨ੍ਹਾਂ ਨੂੰ ਸਿਰ ਮੱਥੇ ‘ਤੇ ਕਬੂਲ ਹੈ ਅਤੇ ਉਹ ਆਪਣੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਪਾਰਟੀ ‘ਚੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਤਿਆਰ ਹਨ। ਜੇਕਰ ਕੋਈ ਸੂਝਵਾਨ ਅਤੇ ਸੁਲਝਿਆ ਹੋਇਆ ਵਿਅਕਤੀ ਪਾਰਟੀ ਨੂੰ ਲੀਡ ਕਰਨੀ ਚਾਹੇ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਖਹਿਰਾ ਨੇ ਕਿਹਾ ਕਿ ਜਲਦ ਹੀ ਉਹ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਪਾਰਟੀ ਨਾਲ ਮੀਟਿੰਗ ਕਰਕੇ ਸਮੀਖਿਆ ਕਰਨਗੇ ਅਤੇ ਉਹ ਪਾਰਟੀ ਸਾਹਮਣੇ ਆਪਣੇ ਅਸਤੀਫੇ ਦੀ ਪੇਸ਼ਕਸ਼ ਵੀ ਰੱਖਣਗੇ।
ਇਸ ਦੇ ਨਾਲ ਇਕ ਵਾਰ ਫਿਰ ਸੁਖਪਾਲ ਖਹਿਰਾ ਨੇ ਨਵਜੋਤ ਸਿੱਧੂ ਨੂੰ ਗਠਜੋੜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਵਲੋਂ ਕੈਪਟਨ ਤੇ ਬਾਦਲਾਂ ਦੇ ਫ੍ਰੈਂਡਲੀ ਮੈਚ ਦਾ ਖੁਲਾਸਾ ਕੀਤਾ ਗਿਆ ਸੀ, ਇਸ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਵਜ਼ਾਰਤ ਸਿੱਧੂ ਨੂੰ ਲਾਂਬੂ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸਿੱਧੂ ਕੈਬਨਿਟ ਵਿਚ ਬਣੇ ਰਹਿਣ ਲਈ ਆਪਣਾ ਬਿਆਨ ਬਲਦੇ ਹਨ ਜਾਂ ਪੰਜਾਬ ਲਈ ਆਪਣੀ ਜੰਗ ਜਾਰੀ ਰੱਖਦੇ ਹਨ। ਜਦਕਿ ਉਹ ਇਕ ਵਾਰ ਫਿਰ ਸਿੱਧੂ ਨੂੰ ਉਨ੍ਹਾਂ ਦੇ ਖੇਮੇ ਵਿਚ ਸਾਬਤ ਹੋਣ ਦੀ ਅਪੀਲ ਕਰਦੇ ਹਨ।
ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਫੇਸਬੁਕ ‘ਤੇ ਲਾਈਵ ਹੋ ਕੇ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਰਿਵਾਇਤੀ ਪਾਰਟੀਆਂ ਖਿਲਾਫ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਰਿਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਖਹਿਰਾ ਨੇ ਕਿਹਾ ਕਿ ਭਾਵੇਂ ਮੈਂ ਚੋਣਾਂ ਹਾਰ ਗਿਆ ਹਾਂ ਪਰ ਮੈਂ ਰਿਵਾਇਤੀ ਪਾਰਟੀਆਂ ਖਿਲਾਫ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ। ਖਹਿਰਾ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ, ਨਵਾਂ ਪੰਜਾਬ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਇਕੱਠੇ ਹੋ ਕੇ 2022 ਦੀਆਂ ਚੋਣਾਂ ਲੜੇਗੀ।