(1999) ‘ਚ ਇਕੱਠੇ ਨਜ਼ਰ ਆਏ ਸਨ …
20 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ ਸੈਫ਼ ਅਤੇ ਤਬੂ
ਸੈਫ਼ ਅਲੀ ਖ਼ਾਨ ਤੇ ਤਬੂ ਇੱਕ ਵਾਰ ਫ਼ਿਰ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਦੋਹੇਂ 20 ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ ਤੂ ਚੋਰ ਮੈਂ ਸਿਪਾਹੀ ‘ਚ ਇਕੱਠੇ ਨਜ਼ਰ ਆਏ ਸਨ। ਉਸ ਤੋਂ ਬਾਅਦ ਉਸੇ ਸਾਲ ਰਿਲੀਜ਼ ਹੋਈ ਫ਼ਿਲਮ ਹਮ ਸਾਥ ਸਾਥ ਹੈਂ ‘ਚ ਵੀ ਦੋਹਾਂ ਨੇ ਇਕੱਠਿਆਂ ਕੰਮ ਕੀਤਾ ਸੀ। ਇਸ ਫ਼ਿਲਮ ‘ਚ ਤਬੂ ਨੇ ਸੈਫ਼ ਦੀ ਵੱਡੀ ਭਾਬੀ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਨੇ ਚੰਗੀ ਸਫ਼ਲਤਾ ਹਾਸਿਲ ਕੀਤੀ ਸੀ। ਹੁਣ ਦੋਵੇਂ ਫ਼ੈਮਿਲੀ ਕੌਮੇਡੀ ਫ਼ਿਲਮ ਜਵਾਨੀ ਜਾਨੇਮਨ ‘ਚ ਨਜ਼ਰ ਆਉਣ ਵਾਲੇ ਹਨ।
ਸੈਫ਼ ਇਸ ਫ਼ਿਲਮ ਨੂੰ ਕੋ-ਪ੍ਰੋਡਿਊਸ ਵੀ ਕਰੇਗਾ। ਤਬੂ ਇਸ ਸਮੇਂ ਆਪਣੀ ਇੱਕ ਹੋਰ ਕੌਮੇਡੀ ਫ਼ਿਲਮ ਦੇ ਦੇ ਪਿਆਰ ਦੇ ਦੀ ਰਿਲੀਜ਼ ਦੇ ਇੰਤਜ਼ਾਰ ‘ਚ ਹੈ। ਇਸ ਫ਼ਿਲਮ ‘ਚ ਉਸ ਨਾਲ ਅਜੈ ਦੇਵਗਨ ਵੀ ਹੋਵੇਗਾ। ਤਬੂ ਨਾਲ 20 ਸਾਲ ਬਾਅਦ ਫ਼ਿਲਮ ਕਰਨ ਨੂੰ ਲੈ ਕੇ ਸੈਫ਼ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਸੈਫ਼ ਨੇ ਕਿਹਾ, ”ਤਬੂ ਇੱਕ ਬਿਹਤਰੀਨ ਅਦਾਕਾਰਾ ਹੈ। ਫ਼ਿਲਮ ‘ਚ ਉਸ ਦਾ ਕਿਰਦਾਰ ਬੇਹੱਦ ਮਜ਼ੇਦਾਰ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਉਹ ਇਸ ਕਿਰਦਾਰ ਨੂੰ ਨਿਭਾਉਣ ਲਈ ਤਿਆਰ ਹੋ ਗਈ। ਮੈਂ ਬੇਸਬਰੀ ਨਾਲ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ।”
ਜ਼ਿਕਰਯੋਗ ਹੈ ਕਿ ਫ਼ਿਲਮ ਜਵਾਨੀ ਜਾਨੇਮਨ ਤੋਂ ਅਭਿਨੇਤਰੀ ਪੂਜਾ ਬੇਦੀ ਦੀ ਬੇਟੀ ਆਲੀਆ ਵੀ ਬੌਲੀਵੁਡ ‘ਚ ਡੈਬਿਊ ਕਰੇਗੀ। ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਵੇਗੀ। ਇਸ ਦੇ ਪਹਿਲੇ ਸਕੈਜੁਅਲ ਦੀ ਸ਼ੂਟਿੰਗ ਇੰਗਲੈਂਡ ‘ਚ ਹੋਵੇਗੀ ਜੋ 45 ਦਿਨਾਂ ‘ਚ ਪੂਰੀ ਕੀਤੀ ਜਾਵੇਗੀ। ਇਸ ਫ਼ਿਲਮ ਨੂੰ ਨਿਤਿਨ ਕੱਕੜ ਡਾਇਰੈਕਟ ਕਰ ਰਿਹਾ ਹੈ। ਇਸ ਤੋਂ ਇਲਾਵਾ ਸੈਫ਼ ਫ਼ਿਲਮ ਤਾਨਾਜੀ ‘ਚ ਵੀ ਨਜ਼ਰ ਆਵੇਗਾ। ਇਹ ਫ਼ਿਲਮ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।
ਇਸ ‘ਚ ਸੈਫ਼ ਇੱਕ ਨੈਗੇਟਿਵ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਫ਼ਿਲਮ ‘ਚ ਮੁੱਖ ਹੀਰੋ ਦਾ ਕਿਰਦਾਰ ਅਜੇ ਦੇਵਗਨ ਨਿਭਾਏਗਾ। 160 ਕਰੋੜ ਰੁਪਏ ਨਾਲ ਬਣਨ ਵਾਲੀ ਇਸ ਫ਼ਿਲਮ ਨੂੰ ਅਜੇ ਦਾ ਪ੍ਰੋਡਕਸ਼ਨ ਹਾਊਸ ਬਣਾ ਰਿਹਾ ਹੈ। ਇਨ੍ਹਾਂ ਦੋਹਾਂ ਫ਼ਿਲਮਾਂ ਤੋਂ ਇਲਾਵਾ ਸੈਫ਼ ਫ਼ਿਲਮ ਆਂਖੇਂ ਦੇ ਸੀਕੁਅਲ ‘ਚ ਵੀ ਨਜ਼ਰ ਆ ਸਕਦਾ ਹੈ। ਦੂਜੇ ਪਾਸੇ 5 ਜੂਨ ਨੂੰ ਰਿਲੀਜ਼ ਹੋਣ ਵਾਲੀ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ‘ਚ ਤਬੂ ਇੱਕ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।