ਮੰਨੀ-ਪ੍ਰਮੰਨੀ ਕੋਰੀਓਗ੍ਰੈਫ਼ਰ ਅਤੇ ਨਿਰਦੇਸ਼ਕ ਫ਼ਰਹਾ ਖ਼ਾਨ ਦਾ ਕਹਿਣਾ ਹੈ ਕਿ ਉਸ ਨੂੰ ਸ਼ਾਹਰੁਖ਼ ਖ਼ਾਨ ਨਾਲ ਫ਼ਿਲਮ ਕਰਨੀ ਜ਼ਿਆਦਾ ਪਸੰਦ ਹੈ। ਫ਼ਰਹਾ ਨੇ ਬੌਲੀਵੁਡ ‘ਚ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ 2004 ਵਿੱਚ ਸ਼ਾਹਰੁਖ਼ ਦੀ ਫ਼ਿਲਮ ਮੈਂ ਹੂੰ ਨਾ ਨਾਲ ਕੀਤੀ ਸੀ। ਫ਼ਿਲਮ ਦਾ ਨਿਰਮਾਣ ਸ਼ਾਹਰੁਖ਼ ਨੇ ਹੀ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਸ਼ਾਹਰੁਖ਼ ਨੂੰ ਹੀਰੋ ਲੈ ਕੇ ਓਮ ਸ਼ਾਂਤੀ ਓਮ ਅਤੇ ਹੈਪੀ ਨਿਊ ਯੀਅਰ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ।
ਫ਼ਰਹਾ ਖ਼ਾਨ ਛੇਤੀ ਹੀ ਮਸ਼ਹੂਰ ਬੌਲੀਵੁਡ ਨਿਰਦੇਸ਼ਕ ਰੋਹਿਤ ਸ਼ੈੱਟੀ ਨਾਲ ਇੱਕ ਫ਼ਿਲਮ ਕਰੇਗੀ। ਇਹ ਫ਼ਿਲਮ ਸੰਗੀਤ ਅਤੇ ਐਕਸ਼ਨ ਆਧਾਰਿਤ ਹੋਵੇਗੀ। ਫ਼ਰਹਾ ਪਾਸੋਂ ਜਦੋਂ ਪੁੱਛਿਆ ਗਿਆ ਕਿ ਕੀ ਉਸ ਦੀ ਇਸ ਫ਼ਿਲਮ ‘ਚ ਸ਼ਾਹਰੁਖ਼ ਹੋਵੇਗਾ? ਤਾਂ ਉਸ ਨੇ ਕਿਹਾ, ”ਮੈਨੂੰ ਸ਼ਾਹਰੁਖ਼ ਨਾਲ ਪਿਆਰ ਹੈ। ਮੈਨੂੰ ਉਸ ਨਾਲ ਫ਼ਿਲਮਾਂ ਕਰਨੀਆਂ ਬੇਹੱਦ ਪਸੰਦ ਹੈ, ਪਰ ਅਜੇ ਅਸੀਂ ਇਸ ਫ਼ਿਲਮ ਦੇ ਡਾਇਲੌਗ ਅਤੇ ਬਾਕੀ ਚੀਜ਼ਾਂ ਨੂੰ ਆਖ਼ਰੀ ਰੂਪ ਦੇ ਰਹੇ ਹਾਂ। ਉਸ ਤੋਂ ਬਾਅਦ ਹੀ ਅੱਗੇ ਕੁੱਝ ਸੋਚਾਂਗੇ।”
ਫ਼ਰਹਾ ਨੇ ਅੱਗੇ ਕਿਹਾ, ”ਅਸੀਂ ਫ਼ਿਲਮ ਦੀ ਸਕ੍ਰਿਪਟ ਕਾਫ਼ੀ ਹੱਦ ਤਕ ਪੂਰੀ ਕਰ ਲਈ ਹੈ। ਫ਼ਿਲਹਾਲ ਸਾਡੇ ਕੋਲ ਇੱਕ ਮਹੀਨੇ ਦਾ ਸਮਾਂ ਹੈ, ਉਸ ਤੋਂ ਬਾਅਦ ਅਸੀਂ ਫ਼ਿਲਮ ਲਈ ਕਾਸਟਿੰਗ ਸ਼ੁਰੂ ਕਰਾਂਗੇ। ਇਹ ਫ਼ਿਲਮ ਪੂਰੀ ਤਰ੍ਹਾਂ ਮਿਊਜ਼ਿਕਲ ਹੈ ਜਿਸ ‘ਚ ਐਕਸ਼ਨ ਵੀ ਹੋਵੇਗਾ। ਇਹ ਫ਼ਿਲਮ ਪਹਿਲਾਂ ਮੇਰੀ ਹੈ ਅਤੇ ਬਾਅਦ ‘ਚ ਰੋਹਿਤ ਦੀ।” ਦੱਸਣਯੋਗ ਹੈ ਕਿ ਫ਼ਰਹਾ ਇਸ ਫ਼ਿਲਮ ਤੋਂ ਇਲਾਵਾ ਇੱਕ ਵੈੱਬ ਸੀਰੀਜ਼ ਵੀ ਬਣਾ ਰਹੀ ਹੈ, ਜਿਸ ਦਾ ਨਾਂ ਮਿਸਿਜ਼ ਸੀਰੀਅਲ ਕਿਲਰ ਹੋਵੇਗਾ। ਇਸ ਸੀਰੀਜ਼ ਦੇ ਮੁੱਖ ਕਿਰਦਾਰ ਲਈ ਜੈਕਲੀਨ ਫ਼ਰਨਾਂਡੀਜ਼ ਨੂੰ ਫ਼ਾਈਨਲ ਕੀਤਾ ਗਿਆ ਹੈ। ਇਸ ਡਿਜੀਟਲ ਫ਼ਿਲਮ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਸ ‘ਚ ਕੋਈ ਗੀਤ-ਸੰਗੀਤ ਨਹੀਂ ਹੋਵੇਗਾ। ਇਸ ਦੀ ਕਹਾਣੀ ਫ਼ਰਹਾ ਖ਼ਾਨ ਦੇ ਪਤੀ ਨੇ ਲਿਖੀ ਹੈ।