ਵੋਟਰਾਂ ਨੇ ਪੰਜ ਸਾਲ ਗਠਜੋੜ ਵੱਲੋਂ ਕੀਤੇ ਵਿਕਾਸ ਕਾਰਜਾਂ ‘ਤੇ ਲਾਈ ਮੋਹਰ : ਬਾਦਲ

ਲੰਬੀ/ਮਲੋਟ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਠਿੰਡਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲੀ ਸ਼ਾਨਦਾਰ ਜਿੱਤ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਚੋਣ ਨਤੀਜੇ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਹਲਕੇ ਲੰਬੀ ਅੰਦਰ ਵੋਟਰਾਂ ਦਾ ਧੰਨਵਾਦੀ ਦੌਰਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਉਨ੍ਹਾਂ ਅਕਾਲੀ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਵੀ ਕਾਂਗਰਸ ਸਰਕਾਰ ਵੱਲੋਂ ਧੱਕੇਸ਼ਾਹੀਆਂ ਕਰ ਕੇ ਅਕਾਲੀ ਵਰਕਰਾਂ ਦਾ ਮਨੋਬਲ ਤੋੜਨ ਦਾ ਯਤਨ ਕੀਤਾ ਗਿਆ ਪਰ ਵਰਕਰਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਲਈ ਆਪਣਾ ਪਸੀਨਾ ਵਹਾਇਆ ਅਤੇ ਸਖਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਲੰਬੀ ਦੇ ਵੋਟਰਾਂ ਵੱਲੋਂ ਹਮੇਸ਼ਾ ਉਨ੍ਹਾਂ ਨੂੰ ਮਾਣ ਦਿੱਤਾ ਜਾਂਦਾ ਹੈ, ਜਿਸ ਲਈ ਉਹ ਇਸ ਹਲਕੇ ਦੇ ਵੋਟਰਾਂ ਦੇ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗਠਜੋੜ ਦੀ ਜਿੱਤ ਹੋਈ ਹੈ ਅਤੇ ਦੇਸ਼ ਵਾਸੀਆਂ ਨੇ ਪੰਜ ਸਾਲ ਹਰ ਵਰਗ ਅਤੇ ਖੇਤਰ ਵਿਚ ਕੀਤੇ ਵਿਕਾਸ ਕਾਰਜਾਂ ‘ਤੇ ਮੋਹਰ ਲਾਈ ਹੈ।