ਬੌਬੀ ਦਿਓਲ ਜਲਦੀ ਹੀ ਵੈੱਬ ਸੀਰੀਜ਼ ਕਲਾਸ ਔਫ਼ 83 ‘ਚ ਨਜ਼ਰ ਆਵੇਗਾ। ਉਸ ਨੇ ਇਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੌਬੀ ਇਸ ਸੀਰੀਜ਼ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਇਸ ਸੀਰੀਜ਼ ਦਾ ਨਿਰਮਾਣ ਸ਼ਾਹਰੁਖ਼ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਕਰ ਰਿਹਾ ਹੈ। ਹਾਲ ਹੀ ‘ਚ ਬੌਬੀ ਨੇ ਇੱਕ ਕਲੈਪ-ਬੋਰਡ ਦੀ ਤਸਵੀਰ ਜਨਤਕ ਕਰਦੇ ਹੋਏ ਨਾਲ ਲਿਖਿਆ ਹੈ, ”ਵੈੱਬ ਸੀਰੀਜ਼ ਦੀ ਦੁਨੀਆਂ ਵਿੱਚ ਕਲਾਸ ਔਫ਼ 83 ਨਾਲ ਕਦਮ ਰੱਖਣ ਲਈ ਬੇਤਾਬ ਹਾਂ।” ਨੈੱਟਫ਼ਲਿਕਸ ਇੰਡੀਆ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਅਤੁਲ ਸੱਭਰਵਾਲ ਕਰੇਗਾ।
ਇਹ ਸੀਰੀਜ਼ ਇੱਕ ਅਜਿਹੇ ਇਮਾਨਦਾਰ ਪੁਲੀਸ ਅਧਿਕਾਰੀ ਦੀ ਕਹਾਣੀ ‘ਤੇ ਆਧਾਰਿਤ ਹੈ ਜੋ ਹੋਰ ਕਈ ਪੁਲੀਸ ਅਧਿਕਾਰੀਆਂ ਨੂੰ ਐਨਕਾਊਂਟਰ ਸਪੈਸ਼ਲਿਸਟ ਬਣਨ ਲਈ ਟ੍ਰੇਨਿੰਗ ਦਿੰਦਾ ਹੈ। ਬੌਬੀ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਫ਼ਿਲਮ ਰੇਸ-3 ਤੋਂ ਬਾਅਦ ਮੈਂ ਆਪਣੇ ਆਲੇ-ਦੁਆਲੇ ਦੇ ਲੋਕਾਂ ‘ਚ ਸਕਾਰਾਤਮਕਤਾ ਮਹਿਸੂਸ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਊਰਜਾ ਇਸੇ ਤਰ੍ਹਾਂ ਬਰਕਰਾਰ ਰਹੇ। ਰੇਸ 3 ਤੋਂ ਪਹਿਲਾਂ ਮੈਂ ਬਹੁਤ ਸਾਰੀਆਂ ਕੰਪਨੀਆਂ ਕੋਲ ਕੰਮ ਦੇ ਸਿਲਸਿਲੇ ‘ਚ ਗਿਆ ਸਾਂ ਪਰ ਕੋਈ ਵੀ ਮੇਰੀ ਮਦਦ ਲਈ ਅੱਗੇ ਨਹੀਂ ਆਈ। ਮੈਨੂੰ ਖ਼ੁਸ਼ੀ ਹੈ ਕਿ ਮੇਰੇ ਕੰਮ ਨੂੰ ਦੇਖਣ ਲਈ ਹੁਣ ਮੇਰੇ ਕੋਲ ਇੱਕ ਟੀਮ ਹੈ।”
ਜ਼ਿਕਰਯੋਗ ਹੈ ਕਿ ਬੌਬੀ ਦੇ ਕਰੀਅਰ ਨੂੰ ਮੁੜ ਪੱਟੜੀ ‘ਤੇ ਲਿਆਉਣ ‘ਚ ਸਲਮਾਨ ਖ਼ਾਨ ਦੀ ਵੱਡੀ ਭੂਮਿਕਾ ਹੈ। ਸਲਮਾਨ ਕਾਰਨ ਹੀ ਬੌਬੀ ਨੂੰ ਫ਼ਿਲਮ ਰੇਸ 3 ਤੋਂ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਇਹ ਗੱਲ ਖ਼ੁਦ ਬੌਬੀ ਨੇ ਵੀ ਇੱਕ ਇੰਟਰਵਿਊ ‘ਚ ਮੰਨੀ ਸੀ। ਵੈਸੇ ਬੌਬੀ ਦਿਓਲ ਇਸ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ ਹਾਊਸਫ਼ੁੱਲ 4 ‘ਚ ਵੀ ਅਹਿਮ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ, ਰਿਤੇਸ਼ ਦੇਸ਼ਮੁੱਖ, ਕ੍ਰਿਤੀ ਸੈਨਨ, ਪੂਜਾ ਹੈਗੜੇ ਅਤੇ ਕ੍ਰਿਤੀ ਖਰਬੰਦਾ ਵਰਗੇ ਸਿਤਾਰੇ ਨਜ਼ਰ ਆਉਣਗੇ। ਫ਼ਿਲਮ ਦਾ ਨਿਰਮਾਣ ਸਾਜਿਦ ਨਡਿਆਡਵਾਲਾ ਅਤੇ ਨਿਰਦੇਸ਼ਨ ਸਾਜਿਦ ਫ਼ਰਹਾਦ ਨੇ ਕੀਤਾ ਹੈ। ਇਹ ਅਕਤੂਬਰ ਤਕ ਰਿਲੀਜ਼ ਹੋਵੇਗੀ।

 

ਸ਼ਾਹਰੁਖ਼ ਦੇ ਪ੍ਰੋਡਕਸ਼ਨ ਹਾਊਸ ਵਲੋਂ ਬਣਾਈ ਜਾਣ ਵਾਲੀ ਵੈੱਬ ਸੀਰੀਜ਼ ਕਲਾਸ ਔਫ਼ 83 ‘ਚ ਬੌਬੀ ਦਿਓਲ ਨਿਭਾ ਰਿਹੈ ਮੁੱਖ ਭੂਮਿਕਾ। ਇਹ ਬੌਬੀ ਦੇ ਕਰੀਅਰ ਦੀ ਪਹਿਲੀ ਵੈੱਬ ਸੀਰੀਜ਼ ਹੋਵੇਗੀ …