ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਵਿੱਚ ਗੌਡ ਫ਼ਾਦਰ ਦੇ ਰੂਪ ਵਿੱਚ ਉਤਰੇਗਾ। ਧੋਨੀ ਇੰਗਲੈਂਡ ਦੀ ਧਰਤੀ ‘ਤੇ ਹੋਣ ਵਾਲੇ ਵਿਸ਼ਵ ਕੱਪ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੋਵੇਗਾ। ਉਹ ਇਸ ਟੂਰਨਾਮੈਂਟ ਵਿੱਚ ਇਕਲੌਤੇ ਅਜਿਹੇ ਖਿਡਾਰੀ ਦੇ ਰੂਪ ਵਿੱਚ ਉਤਰੇਗਾ ਜਿਸ ਨੇ 300 ਤੋਂ ਵੱਧ ਮੈਚ ਖੇਡੇ ਹਨ। ਆਪਣਾ ਚੌਥਾ ਵਿਸ਼ਵ ਕੱਪ ਖੇਡਣ ਜਾ ਰਿਹਾ ਧੋਨੀ ਹੁਣ ਤਕ ਭਾਰਤ ਵਲੋਂ 338 ਵਨ ਡੇ ਮੈਚ ਖੇਡ ਚੁੱਕਾ ਹੈ।
ਇਸ ਵਿਸਵ ਕੱਪ ਦੀਆਂ 10 ਟੀਮਾਂ ਵਿੱਚ ਹੋਰ ਕੋਈ ਵੀ ਖਿਡਾਰੀ ਅਜਿਹਾ ਨਹੀਂ ਜਿਸ ਨੇ 300 ਮੈਚ ਵੀ ਖੇਡੇ ਹੋਣ। ਭਾਰਤ ਨੂੰ ਆਪਣੀ ਕਪਤਾਨੀ ਵਿੱਚ 2011 ਵਿੱਚ ਵਿਸ਼ਵ ਕੱਪ ਜਿਤਾ ਚੁੱਕੇ ਅਤੇ 2015 ਵਿਸ਼ਵ ਕੱਪ ਵਿੱਚ ਸੈਮੀਫ਼ਾਈਨਲ ਤਕ ਪਹੁੰਚਾ ਚੁੱਕੇ 37 ਸਾਲਾ ਧੋਨੀ ਦਾ ਇਹ ਆਖਰੀ ਵਿਸ਼ਵ ਕੱਪ ਹੋਵੇਗਾ। ਧੋਨੀ ਆਪਣੇ ਆਖ਼ਰੀ ਵਿਸ਼ਵ ਕੱਪ ਨੂੰ ਇੱਕ ਹੋਰ ਖ਼ਿਤਾਬੀ ਜਿੱਤ ਨਾਲ ਯਾਦਗਾਰ ਬਣਾਉਣਾ ਚਾਹੇਗਾ। ਭਾਰਤੀ ਟੀਮ ਵਿੱਚ ਕਪਤਾਨ ਵਿਰਾਟ ਕੋਹਲੀ 227 ਮੈਚ, ਉੱਪ ਕਪਤਾਨ ਰੋਹਿਤ ਸ਼ਰਮਾ 206 ਮੈਚ, ਰਵਿੰਦਰ ਜਡੇਜਾ 151 ਮੈਚ, ਸ਼ਿਖਰ ਧਵਨ 128 ਮੈਚ ਅਤੇ ਭੁਵਨੇਸ਼ਵਰ ਕੁਮਾਰ 105 ਮੈਚ ਖੇਡ ਚੁੱਕੇ ਹਨ।
ਗੇਲ ਸਭ ਤੋਂ ਵੱਧ ਵਨ ਡੇ ਖੇਡਣ ਦਾ ਮਾਮਲੇ ਵਿੱਚ ਦੂਜੇ ਨੰਬਰ ‘ਤੇ
ਤਜਰਬੇ ਅਤੇ ਵਨ ਡੇ ਵਿੱਚ ਸਭ ਤੋਂ ਵੱਧ ਮੈਚ ਖੇਡਣ ਦੇ ਮਾਮਲੇ ਵਿੱਚ ਧੋਨੀ ਦੇ ਸਭ ਤੋਂ ਨੇੜੇ ਹੈ ਵੈੱਸਟਇੰਡੀਜ਼ ਦਾ ਕ੍ਰਿਸ ਗੇਲ ਜਿਸ ਨੇ ਹੁਣ ਤਕ ਕੁੱਲ 286 ਮੈਚ ਖੇਡੇ ਹਨ। ਪਿਛਲੇ ਕੁੱਝ ਸਾਲਾਂ ਤੋਂ ਜ਼ਿਆਦਾਤਰ ਸਮਾਂ ਵਿੰਡੀਜ਼ ਟੀਮ ਵਿੱਚੋਂ ਬਾਹਰ ਰਹਿਣ ਵਾਲੇ ਗੇਲ ਨੂੰ ਇਸ ਵਿਸਵ ਕੱਪ ਲਈ ਕੈਰੇਬੀਆਈ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹ ਵੈੱਸਟਇੰਡੀਜ਼ ਦੀ ਟੀਮ ਵਿੱਚ 150 ਤੋਂ ਵੱਧ ਵਨ ਡੇ ਖੇਡਣ ਵਲਾ ਇਕਲੌਤਾ ਖਿਡਾਰੀ ਹੈ। ਵੈੱਸਟਇੰਡੀਜ਼ ਦੀ ਟੀਮ 1975 ਅਤੇ 1979 ਵਿੱਚ ਵਿਸ਼ਵ ਕੱਪ ਜੇਤੂ ਰਹੀ ਸੀ।
ਤੀਜੇ ਨੰਬਰ ‘ਤੇ ਪਾਕਿਸਤਾਨ ਦਾ ਸ਼ੋਅਬ ਮਲਿਕ
ਪਾਕਿਸਤਾਨ ਦਾ ਆਲਰਾਊਂਡਰ ਸ਼ੋਏਬ ਮਲਿਕ 284 ਮੈਚਾਂ ਨਾਲ ਇਸ ਵਿਸ਼ਵ ਕੱਪ ਵਿੱਚ ਤੀਜਾ ਸਭ ਤੋਂ ਤਜਰਬੇਕਾਰ ਖਿਡਾਰੀ ਹੋਵੇਗਾ। ਮਲਿਕ ਪਾਕਿਸਤਾਨ ਦੀ ਟੀਮ ਵਿੱਚ ਵੀ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਪਾਕਿਸਤਾਨ ਦੀ ਟੀਮ ਦੇ ਇੱਕ ਹੋਰ ਖਿਡਾਰੀ ਮੁਹੰਮਦ ਹਫ਼ੀਜ਼ ਨੇ 210 ਮੈਚ ਅਤੇ ਕਪਤਾਨ ਸਰਫ਼ਰਾਜ ਅਹਿਮਦ ਨੇ 106 ਮੈਚ ਖੇਡੇ ਹਨ। ਪਾਕਿਸਤਾਨ ਨੇ 1992 ਵਿੱਚ ਇਮਰਾਨ ਖ਼ਾਨ ਦੀ ਕਪਤਾਨੀ ਵਿੱਚ ਵਿਸ਼ਵ ਕੱਪ ਜਿੱਤਿਆ ਸੀ।
ਰੌਸ ਟੇਲਰ ਇੱਕ ਹੋਰ ਤਜਰਬੇਕਾਰ ਖਿਡਾਰੀ
ਨਿਊ ਜ਼ੀਲੈਂਡ ਦਾ ਧਮਾਕੇਦਾਰ ਬੱਲੇਬਾਜ਼ ਰੌਸ ਟੇਲਰ 218 ਮੈਚਾਂ ਦੇ ਨਾਲ ਇੱਕ ਹੋਰ ਤਜਰਬੇਕਾਰ ਖਿਡਾਰੀ ਹੋਵੇਗਾ। ਕੀਵੀ ਟੀਮ ਵਿੱਚ ਕਪਤਾਨ ਕੇਨ ਵਿਲੀਅਮਸਨ ਨੇ 139, ਟਿਮ ਸਾਊਧੀ ਨੇ 139 ਅਤੇ ਮਾਰਟਿਨ ਗਪਟਿਲ ਨੇ 169 ਮੈਚ ਖੇਡੇ ਹਨ।
ਬੰਗਲਾਦੇਸ਼ੀ ਟੀਮ ‘ਚ ਕਈ ਧਾਕੜ ਖਿਡਾਰੀ
ਬੰਗਲਾਦੇਸ਼ ਦੀ ਟੀਮ ਵਿੱਚ ਵੀ ਕਈ ਧਾਕੜ ਖਿਡਾਰੀਆਂ ਨੂੰ ਰੱਖਿਆ ਗਿਆ ਹੈ ਅਤੇ ਇਹ ਟੀਮ ਤਜਰਬੇ ਦੇ ਲਿਹਾਜ਼ ਨਾਲ ਹੋਰਨਾਂ ਕਈ ਟੀਮਾਂ ‘ਤੇ ਭਾਰੀ ਪੈਂਦੀ ਹੈ। ਮਸ਼ਰਫ਼ੀ ਮੁਰਤਜ਼ਾ ਨੇ 206 ਮੈਚ, ਮੁਸ਼ਫ਼ਿਕੁਰ ਰਹਿਮਾਨ ਨੇ 204 ਮੈਚ, ਸ਼ਾਕਿਬ ਅਲ ਹਸਨ ਨੇ 198 ਮੈਚ, ਤਮੀਮ ਇਕਬਾਲ ਨੇ 192 ਮੈਚ ਅਤੇ ਮਹਿਮੂਦਉੱਲਾ ਨੇ 174 ਮੈਚ ਖੇਡੇ ਹਨ।
ਆਸਟਰੇਲੀਆ ਟੀਮ ‘ਚ ਸਭ ਤੋਂ ਤਜਰਬੇਕਾਰ ਫ਼ਿੰਚ
ਸਾਬਕਾ ਚੈਂਪੀਅਨ ਆਸਟਰੇਲੀਆਈ ਟੀਮ ਵਿੱਚ ਕਪਤਾਨ ਐਰਨ ਫ਼ਿੰਚ 109 ਮੈਚਾਂ ਦੇ ਨਾਲ ਆਪਣੀ ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਸਾਬਕਾ ਕਪਤਾਨ ਸਟੀਵ ਸਮਿਥ ਨੇ 108 ਮੈਚ, ਓਪਨਰ ਡੇਵਿਡ ਵਾਰਨਰ ਨੇ 106 ਮੈਚ ਅਤੇ ਆਲਰਾਊਂਡਰ ਗਲੈੱਨ ਮੈਕਸਵੈੱਲ ਨੇ 100 ਮੈਚ ਖੇਡੇ ਹਨ।
ਮੇਜ਼ਬਾਨ ਇੰਗਲੈਂਡ ਕੋਲ ਹੈ ਮੋਰਗਨ ਦਾ ਤਜਰਬਾ
ਮੇਜ਼ਬਾਨ ਇੰਗਲੈਂਡ ਕੋਲ ਈਓਇਨ ਮੌਰਗਨ ਦੇ ਰੂਪ ਵਿੱਚ ਸਭ ਤੋਂ ਤਜਰਬੇਕਾਰ ਖਿਡਾਰੀ ਹੈ ਜਿਸ ਨੇ 199 ਮੈਚ ਖੇਡੇ ਹਨ ਅਤੇ ਵਿਸਵ ਕੱਪ ਵਿੱਚ ਆਪਣੀ ਟੀਮ ਦਾ ਪਹਿਲਾ ਮੈਚ ਖੇਡਦੇ ਹੀ ਉਹ 200 ਵਨ ਡੇ ਪੂਰੇ ਕਰ ਲਵੇਗਾ। ਜੋਸ ਬਟਲਰ ਨੇ 131 ਅਤੇ ਜੋ ਰੂਟ ਨੇ 132 ਮੈਚ ਖੇਡੇ ਹਨ।
ਦੱਖਣੀ ਅਫ਼ਰੀਕੀ ਟੀਮ ‘ਚ ਆਮਲਾ ਸਭ ਤੋਂ ਵੱਧ ਤਜਰਬੇਕਾਰ
ਦੱਖਣੀ ਅਫ਼ਰੀਕੀ ਟੀਮ ਵਿੱਚ ਓਪਨਰ ਹਾਸ਼ਿਮ ਆਮਲਾ 174 ਮੈਚਾਂ ਦੇ ਨਾਲ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਹੋਰਨਾਂ ਖਿਡਾਰੀਆਂ ਵਿੱਚ ਕਪਤਾਨ ਫ਼ੈਫ਼ ਡੂ ਪਲੇਸੀ ਨੇ 134, ਡੈੱਲ ਸਟੇਨ ਨੇ 123, ਡੇਵਿਡ ਮਿਲਰ ਨੇ 120, ਕਵਿੰਟਨ ਡੀ ਕੌਕ ਨੇ 106 ਅਤੇ ਜੇ. ਪੀ. ਡੁਮਿਨੀ ਨੇ 104 ਮੈਚ ਖੇਡੇ ਹਨ।
ਸ਼੍ਰੀਲੰਕਾਈ ਟੀਮ ‘ਚ ਮਲਿੰਗਾ ਅਤੇ ਮੈਥਿਊਜ਼ 200 ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ
ਸਾਲ 1996 ਦਾ ਵਿਸਵ ਕੱਪ ਜਿੱਤਣ ਵਾਲੀ ਸ਼੍ਰੀਲੰਕਾਈ ਟੀਮ ਵਿੱਚੋਂ ਲਸਿਥ ਮਲਿੰਗਾ ਅਤੇ ਐਂਜੇਲੋ ਮੈਥਿਊਜ਼ ਦੋ ਅਜਿਹੇ ਖਿਡਾਰੀ ਹਨ ਜਿਨਾਂ ਨੇ 200 ਤੋਂ ਵੱਧ ਮੈਚ ਖੇਡੇ ਹਨ। ਮਲਿੰਗਾ ਨੇ 218 ਅਤੇ ਮੈਥਿਊਜ਼ ਨੇ 203 ਮੈਚ ਖੇਡੇ ਹਨ। ਤਿਸ਼ਾਰਾ ਪਰੇਰਾ 153 ਅਤੇ ਲਾਹਿਰੂ ਥਿਰੀਮਾਨੇ 117 ਮੈਚ ਖੇਡ ਚੁੱਕਾ ਹੈ। ਧੋਨੀ ਵਾਂਗ ਮਲਿੰਗਾ ਦਾ ਵੀ ਇਹ ਆਖ਼ਰੀ ਵਰਲਡ ਕੱਪ ਹੋਵੇਗਾ।
ਅਫ਼ਗਾਨਿਸਤਾਨ ਦੀ ਟੀਮ ਵਿੱਚ ਮੁਹੰਮਦ ਨਬੀ ਅਤੇ ਸਾਬਕਾ ਕਪਤਾਨ ਅਸਗਰ ਅਫ਼ਗ਼ਾਨ 100 ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਹਨ। ਅਸਗਰ ਨੇ 100 ਤੋਂ ਮੁਹੰਮਦ ਨਬੀ ਨੇ 111 ਮੈਚ ਖੇਡੇ ਹਨ।