ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਦਾ ਸਵਰੂਪ ਚੁਣੌਤੀਪੂਰਨ ਹੈ ਅਤੇ ਕੋਈ ਛੋਟੀ ਟੀਮ ਵੀ ਕਿਸੇ ਵੱਡੀ ਟੀਮ ਨੂੰ ਹਰਾਉਣ ਦਾ ਦਮ ਰੱਖਦੀ ਹੈ। ਵਿਸ਼ਵ ਕੱਪ ਲਈ ਇੰਗਲੈਂਡ ਰਵਾਨਾ ਹੋਣ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਨੇ ਕਿਹਾ, ”ਇਸ ਵਾਰ ਵਿਸ਼ਵ ਕੱਪ ਦਾ ਸਵਰੂਪ ਚੁਣੌਤੀਪੂਰਨ ਹੈ। ਕੋਈ ਵੀ ਟੀਮ ਉਲਟਫ਼ੇਰ ਕਰ ਸਕਦੀ ਹੈ।” ਦੱਸ ਦਈਏ ਕਿ ਵਿਸ਼ਵ ਕੱਪ ਦੀ ਸ਼ੁਰੂਆਤ ਇੰਗਲੈਂਡ ਐਂਡ ਵੇਲਜ਼ ਵਿੱਚ 30 ਮਈ ਤੋਂ ਹੋਵੇਗੀ। ਇਹ ਮਹਾਕੁੰਭ 14 ਜੁਲਾਈ ਤਕ ਚੱਲੇਗਾ।
ਇਸ ਦੌਰਾਨ ਵਿਰਾਟ ਨੇ ਕਿਹਾ, ”ਵਿਸ਼ਵ ਕੱਪ ਵਿੱਚ ਹਾਲਾਤ ਤੋਂ ਵੱਧ ਦਬਾਅ ਨਾਲ ਨਜਿੱਠਣ ਦੀ ਜ਼ਰੂਰਤ ਹੈ। ਸਾਡੇ ਲਈ ਚੰਗੀ ਗੱਲ ਇਹ ਹੈ ਕਿ ਸਾਰੇ ਗੇਂਦਬਾਜ਼ ਫ਼੍ਰੈਸ਼ ਹਨ ਅਤੇ ਕੋਈ ਵੀ ਥਕਾਨ ਵਿੱਚ ਨਹੀਂ ਦਿਸ ਰਿਹਾ। IPL ਤੋਂ ਤਿਆਰੀ ਕਰਨ ਦਾ ਚੰਗਾ ਮੌਕਾ ਮਿਲਿਆ ਹੈ। ਸਾਡੇ ਖਿਡਾਰੀਆਂ ਨੇ ਇਸ ਸਵਰੂਪ ਨਾਲ 50 ਓਵਰਾਂ ਦੇ ਮੁਕਾਬਲੇ ਦੀ ਚੰਗੀ ਤਿਆਰੀ ਕੀਤੀ ਹੈ।”
ਰਵਾਨਾ ਹੋਣ ਤੋਂ ਪਹਿਲਾਂ ਕੋਚ ਰਵੀ ਸ਼ਾਸਤਰੀ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਵੱਧ ਦਬਾਅ ਦੇ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ, ”ਜੇਕਰ ਅਸੀਂ ਆਪਣੀ ਸਮਰਥਾ ਮੁਤਾਬਿਕ ਖੇਡੇ ਤਾਂ ਅਸੀਂ ਵਿਸ਼ਵ ਕੱਪ ਲਿਆ ਸਕਦੇ ਹਾਂ। ਇਹ ਬੇਹੱਦ ਸਖ਼ਤ ਟੂਰਨਾਮੈਂਟ ਹੈ ਅਤੇ ਇੱਥੇ ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ 2015 ਦੇ ਮੁਕਾਬਲੇ ਕਾਫ਼ੀ ਮਜ਼ਬੂਤ ਹਨ। ਇਸ ਤੋਂ ਇਲਾਵਾ ਲੀਗ ਸਟੇਜ ਦੇ ਨੌਂ ਮੈਚ ਕੇਡਣ ਨਾਲ ਟੀਮ ਨੂੰ ਲੈਅ ਹਾਸਿਲ ਕਰਨ ਦਾ ਮੌਕਾ ਮਿਲੇਗਾ।”