2005 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਰਾਧਿਕਾ ਆਪਟੇ ਨੇ ਅੱਜ ਫ਼ਿਲਮ ਇੰਡਸਟਰੀ ‘ਚ ਆਪਣੀ ਇੱਕ ਵੱਖਰੀ ਪਛਾਣ ਕਾਇਮ ਕਰ ਲਈ ਹੈ। ਕਰੀਅਰ ਦੀ ਸ਼ੁਰੂਆਤ ਤੋਂ 10 ਸਾਲ ਬਾਅਦ ਰਾਧਿਕਾ ਨੂੰ ਪਹਿਲੀ ਵਾਰ ਓਦੋਂ ਵੱਡੀ ਸਫ਼ਲਤਾ ਮਿਲੀ ਜਦੋਂ ਉਸ ਨੇ ਹਿੰਦੀ ਫ਼ਿਲਮ ਬਦਲਾਪੁਰ ‘ਚ ਇੱਕ ਛੋਟਾ ਪਰ ਅਹਿਮ ਕਿਰਦਾਰ ਨਿਭਾਇਆ। ਇਸ ਕਿਰਦਾਰ ਨੇ ਰਾਧਿਕਾ ਦੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ। ਹਿੰਦੀ ਤੋਂ ਇਲਾਵਾ ਮਰਾਠੀ, ਬੰਗਲਾ, ਤੇਲਗੂ ਅਤੇ ਮਲਿਆਲਮ ਭਾਸ਼ਾ ਦੀਆਂ ਫ਼ਿਲਮਾਂ ‘ਚ ਵੀ ਰਾਧਿਕਾ ਆਪਟੇ ਚੰਗੀ ਅਦਾਕਾਰੀ ਦਿਖਾ ਚੁੱਕੀ ਹੈ।
ਫ਼ਿਲਮਾਂ ਤੋਂ ਇਲਾਵਾ ਇਸ ਵਕਤ ਰਾਧਿਕਾ ਇੱਕ ਵੈੱਬ ਸੀਰੀਜ਼ ਵੀ ਕਰ ਰਹੀ ਹੈ। ਇਸ ਨਾਲ ਹੀ ਉਹ ਅੰਤਰਰਾਸ਼ਟਰੀ ਸਿਨੇਮਾ ‘ਚ ਵੀ ਕਦਮ ਰੱਖ ਚੁੱਕੀ ਹੈ। ਅੱਜ ਕੱਲ੍ਹ ਉਹ ਦੂਜੇ ਵਿਸ਼ਵ ਯੁੱਧ ‘ਤੇ ਆਧਾਰਿਤ ਹੌਲੀਵੁਡ ਮਹਿਲਾ ਪ੍ਰਮੁੱਖ ਫ਼ਿਲਮ ਮਿਸ ਐਟਕਿਨਜ਼ ਆਰਮੀ ‘ਚ ਰੁੱਝੀ ਹੋਈ ਹੈ। ਆਰਮੀ ਜਾਸੂਸ ਦੀ ਅਸਲ ਕਹਾਣੀ ‘ਤੇ ਆਧਾਰਿਤ ਇਸ ਫ਼ਿਲਮ ਨੂੰ ਅੰਗਰੇਜ਼ੀ, ਫ਼ਰਾਂਸੀਸੀ ਅਤੇ ਜਰਮਨ ਭਾਸ਼ਾਵਾਂ ‘ਚ ਬਣਾਇਆ ਜਾਵੇਗਾ। ਇਸ ‘ਚ ਰਾਧਿਕਾ ਭਾਰਤੀ ਮੂਲ ਦੀ ਪਹਿਲੀ ਵਾਇਰਲੈੱਸ ਔਪਰੇਟਰ ਅਤੇ ਬਰਤਾਨਵੀ ਜਾਸੂਸ ਨੂਰ ਇਨਾਇਤ ਖ਼ਾਨ ਦਾ ਕਿਰਦਾਰ ਨਿਭਾ ਰਹੀ ਹੈ।
ਰਾਧਿਕਾ ਪਿਛਲੇ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਪੈਡਮੈਨ, ਅੰਧਾਧੁੰਨ, ਬਾਜ਼ਾਰ, ਆਦਿ ‘ਚ ਵੀ ਅਹਿਮ ਕਿਰਦਾਰ ਨਿਭਾ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ਵੈੱਬ ਸੀਰੀਜ਼ ਲਿਸਟ ਸਟੋਰੀਜ਼ ਅਤੇ ਸੀਕ੍ਰੇਟ ਗੇਮਜ਼ ‘ਚ ਵੀ ਅਹਿਮ ਕਿਰਦਾਰ ਨਿਭਾਏ। ਫ਼ਿਲਮ ਅੰਧਾਧੁੰਨ ‘ਚ ਰਾਧਿਕਾ ਦੀ ਅਦਾਕਾਰੀ ਦੀ ਚੰਗੀ ਤਾਰੀਫ਼ ਹੋਈ ਸੀ। ਆਖ ਸਕਦੇ ਹਾਂ ਕਿ ਰਾਧਿਕਾ ਦੀ ਕਿਸਮਤ ਦੇ ਸਿਤਾਰੇ ਇਸ ਵਕਤ ਬੁਲੰਦ ਹਨ। ਜਲਦੀ ਹੀ ਰਾਧਿਕਾ ਇਰਫ਼ਾਨ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਨਾਲ ਫ਼ਿਲਮ ਇੰਗਲਿਸ਼ ਮੀਡੀਅਮ ‘ਚ ਵੀ ਨਜ਼ਰ ਆਵੇਗੀ। ਇਹ ਫ਼ਿਲਮ ਇਰਫ਼ਾਨ ਦੀ ਪਹਿਲੀ ਫ਼ਿਲਮ ਹਿੰਦੀ ਮੀਡੀਅਮ ਦਾ ਹੀ ਸੀਕੁਅਲ ਹੈ। ਫ਼ਿਲਮ ਦੀ ਸ਼ੂਟਿੰਗ ਰਾਜਸਥਾਨ ‘ਚ ਚੱਲ ਰਹੀ ਹੈ। ਫ਼ਿਲਮ ‘ਚ ਕਰੀਨਾ ਕਪੂਰ ਪਹਿਲੀ ਵਾਰ ਇੱਕ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ ਜਦਕਿ ਰਾਧਿਕਾ ਇਸ ਫ਼ਿਲਮ ‘ਚ ਇਰਫ਼ਾਨ ਖ਼ਾਨ ਦੀ ਪਤਨੀ ਦਾ ਕਿਰਦਾਰ ਨਿਭਾਏਗੀ।