ਰਾਜ ਬੱਬਰ ਨੇ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ

ਲਖਨਊ— ਉੱਤਰ ਪ੍ਰਦੇਸ਼ ਕਾਂਗਰਸ ਪ੍ਰਮੁੱਖ ਰਾਜ ਬੱਬਰ ਨੇ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਬੁਲਾਰੇ ਰਾਜੀਵ ਬਖਸ਼ੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੱਬਰ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਬਖਸ਼ੀ ਨੇ ਦੱਸਿਆ ਕਿ ਬੱਬਰ ਨੇ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦਿੱਤਾ ਹੈ।
ਇਸ ਤੋਂ ਪਹਿਲਾਂ ਰਾਜ ਬੱਬਰ ਨੇ ਟਵੀਟ ਕੀਤਾ,”ਯੂ.ਪੀ. ਕਾਂਗਰਸ ਲਈ ਨਤੀਜੇ ਨਿਰਾਸ਼ਾਜਨਕ ਹਨ। ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਾ ਨਿਭਾ ਪਾਉਣ ਲਈ ਖੁਦ ਨੂੰ ਦੋਸ਼ੀ ਪਾਉਂਦਾ ਹਾਂ। ਲੀਡਰਸ਼ਿਪ ਨਾਲ ਮਿਲ ਕੇ ਆਪਣੀ ਗੱਲ ਰੱਖਾਂਗਾ। ਜਨਤਾ ਦਾ ਭਰੋਸਾ ਹਾਸਲ ਕਰਨ ਲਈ ਜੇਤੂਆਂ ਨੂੰ ਵਧਾਈ।” ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ‘ਚੋਂ ਕਾਂਗਰਸ ਸਿਰਫ ਇਕ ਰਾਏਬਰੇਲੀ ਸੀਟ ਜਿੱਤ ਸਕੀ, ਜਿੱਥੋਂ ਸੋਨੀਆ ਗਾਂਧੀ ਚੋਣ ਲੜੀ ਸੀ। ਫਤਿਹਪੁਰ ਸੀਕਰੀ ਤੋਂ ਰਾਜ ਬੱਬਰ ਹਾਰ ਗਏ ਹਨ।