ਫਿਰੋਜ਼ਪੁਰ-ਬਠਿੰਡਾ ਜਿੱਤਣ ਪਿੱਛੋਂ ਗੁਰੂ ਘਰ ਨਤਮਸਤਕ ਹੋਈ ਬਾਦਲ ਜੋੜੀ

ਅੰਮ੍ਰਿਤਸਰ : ਫਿਰੋਜ਼ਪੁਰ ਅਤੇ ਬਠਿੰਡਾ ਸੀਟ ਫਤਿਹ ਕਰਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਵਲੋਂ ਜਿਹੜੇ ਉਨ੍ਹਾਂ ‘ਤੇ ਝੂਠੇ ਦੋਸ਼ ਲਗਾਏ ਗਏ ਸਨ, ਉਨ੍ਹਾਂ ਦਾ ਜਵਾਬ ਪੰਜਾਬ ਦੀ ਜਨਤਾ ਨੇ ਚੋਣਾਂ ਵਿਚ ਦੇ ਦਿੱਤਾ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਦੇ ਮਿਸ਼ਨ 13 ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਅਕਾਲੀ-ਭਾਜਪਾ ਦਾ ਸਾਥ ਦਿਤਾ ਹੈ। ਜਿਸ ਦਾ ਸਬੂਤ ਪਿਛਲੇ ਵਾਰ ਦੇ ਮੁਕਾਬਲੇ ਇਸ ਵਾਰ ਵਧੇ ਅਕਾਲੀ ਦਲ ਦੇ ਵੋਟ ਫੀਸਦ ਤੋਂ ਮਿਲਦਾ ਹੈ। ਸੁਖਬੀਰ ਨੇ ਕਿਹਾ ਕਿ ਉਨ੍ਹਾਂ ਚੋਣਾਂ ਨਹੀਂ ਸਗੋਂ ਇਕ ਲੜਾਈ ਲੜੀ ਹੈ।
ਸੁਖਬੀਰ ਨੇ ਕਿਹਾ ਕਿ ਮਿਸ਼ਨ 13 ‘ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਫਾਈ ਦੇਣੀ ਚਾਹੀਦੀ ਹੈ ਜਦਕਿ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਆਪਣੇ ਹਲਕੇ ‘ਚ ਹਾਰ ਗਏ ਹਨ। ਉਨ੍ਹਾਂ ਨੂੰ ਇਸ ‘ਤੇ ਜਵਾਬ ਦੇਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਵਜੀਰ ਬਿਕਰਮ ਸਿੰਘ ਮਜੀਠੀਆ ਵੀ ਉਨ੍ਹਾਂ ਦੇ ਨਾਲ ਸਨ।