ਦੀਪਿਕਾ ਪਾਦੁਕੋਣ ਦੀ ਹਮੇਸ਼ਾ ਇਹ ਦਿਲੀ ਤਮੰਨਾ ਰਹੀ ਹੈ ਕਿ ਉਹ ਸਲਮਾਨ ਖ਼ਾਨ ਨਾਲ ਕੋਈ ਫ਼ਿਲਮ ਕਰੇ। ਹੁਣ ਉਸ ਦੀ ਇਹ ਇੱਛਾ ਫ਼ਿਲਮਕਿੱਕ 2 ‘ਜ਼ਰੀਏ ਪੂਰੀ ਹੋਣ ਜਾ ਰਹੀ ਹੈ …
ਸਲਮਾਨ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਜੋੜੀ ਫ਼ਿਲਮੀ ਪਰਦੇ ‘ਤੇ ਕਈ ਵਾਰ ਬਣਦੀ-ਬਣਦੀ ਰਹਿ ਗਈ। ਕਈ ਨਿਰਮਾਤਾ-ਨਿਰਦੇਸ਼ਕਾਂ ਨੇ ਦੋਹਾਂ ਨੂੰ ਇਕੱਠਿਆਂ ਆਪਣੀ ਫ਼ਿਲਮ ‘ਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਾ ਬਣੀ। ਦੀਪਿਕਾ ਕਈ ਵਾਰ ਆਖ ਚੁੱਕੀ ਹੈ ਕਿ ਉਹ ਸਲਮਾਨ ਨਾਲ ਫ਼ਿਲਮ ਕਰਨਾ ਚਾਹੁੰਦੀ ਹੈ, ਪਰ ਉਸ ਦੀ ਇਹ ਖ਼ਵਾਇਸ਼ ਅਜੇ ਤਕ ਅਧੂਰੀ ਹੈ। ਸਲਮਾਨ ਅਤੇ ਜੈਕਲੀਨ ਫ਼ਰਨਾਂਡੀਜ਼ ਨੂੰ ਲੈ ਕੇ ਬਣੀ ਫ਼ਿਲਮ ਕਿੱਕ ‘ਚ ਵੀ ਪਹਿਲਾਂ ਦੀਪਿਕਾ ਨੂੰ ਹੀ ਸਾਈਨ ਕੀਤਾ ਜਾਣਾ ਸੀ, ਪਰ ਇਹ ਫ਼ਿਲਮ ਦੀਪਿਕਾ ਦੇ ਹੱਥੋਂ ਨਿਕਲ ਗਈ ਅਤੇ ਜੈਕਲੀਨ ਨੇ ਉਸ ਦੀ ਜਗ੍ਹਾ ਸਲਮਾਨ ਦਾ ਸਾਥ ਦਿੱਤਾ। ਹੁਣ ਦੀਪਿਕਾ ਦੀ ਸਲਮਾਨ ਨਾਲ ਫ਼ਿਲਮ ਕਰਨ ਦੀ ਇੱਛਾ ਇੱਕ ਵਾਰ ਫ਼ਿਰ ਪੂਰੀ ਹੋ ਸਕਦੀ ਹੈ।
ਅਸਲ ‘ਚ ਫ਼ਿਲਮ ਕਿੱਕ ਦਾ ਸੀਕੁਅਲ ਬਣ ਰਿਹਾ ਹੈ। ਇਸ ਸੀਕੁਅਲ ਦਾ ਐਲਾਨ ਹੋਇਆਂ ਕਾਫ਼ੀ ਸਮਾਂ ਹੋ ਚੁੱਕਾ ਹੈ। ਇਥੋਂ ਤਕ ਕਿ ਫ਼ਿਲਮ ਨੂੰ ਰਿਲੀਜ਼ ਕੀਤੇ ਜਾਣ ਦੀ ਤਰੀਕ ਵੀ ਫ਼ਾਈਨਲ ਹੋ ਚੁੱਕੀ ਹੈ, ਪਰ ਅਜੇ ਨਾ ਤਾਂ ਇਸ ਦੀ ਸ਼ੂਟਿੰਗ ਸ਼ੁਰੂ ਹੋਈ ਹੈ ਅਤੇ ਨਾ ਹੀ ਹੀਰੋਇਨ ਫ਼ਾਈਨਲ ਹੋਈ ਹੈ। ਦੂਜੇ ਪਾਸੇ, ਸਲਮਾਨ ਇਸ ਸਮੇਂ ਫ਼ਿਲਮ ਭਾਰਤ ਦੀ ਪ੍ਰਮੋਸ਼ਨ ‘ਚ ਰੁੱਝਾ ਹੋਇਆ ਹੈ ਅਤੇ ਦਬੰਗ 3 ਦੀ ਸ਼ੂਟਿੰਗ ਵੀ ਪੂਰੀ ਕਰ ਰਿਹਾ ਹੈ। ਇਸ ਫ਼ਿਲਮ ਤੋਂ ਬਾਅਦ ਉਹ ਕਿੱਕ 2 ਦੀ ਸ਼ੂਟਿੰਗ ਸ਼ੁਰੂ ਕਰੇਗਾ। ਇਸੇ ਦੌਰਾਨ ਫ਼ਿਲਮ ਦੀ ਹੀਰੋਇਨ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਸੂਤਰਾਂ ਮੁਤਾਬਿਕ ਫ਼ਿਲਮ ਕਿੱਕ 2 ‘ਚੋਂ ਜੈਕਲੀਨ ਫ਼ਰਨਾਂਡੀਜ਼ ਨੂੰ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਦੀਪਿਕਾ ਪਾਦੁਕੋਣ ਨੂੰ ਲਿਆ ਜਾਵੇਗਾ।
ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਪਹਿਲੀ ਵਾਰ ਸਲਮਾਨ ਅਤੇ ਦੀਪਿਕਾ ਦੀ ਜੋੜੀ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਨ ਦਾ ਮਾਣ ਹਾਸਿਲ ਕਰਨਾ ਚਾਹੁੰਦਾ ਹੈ। ਦੇਖਿਆ ਜਾਵੇ ਤਾਂ ਸਲਮਾਨ ਦੀਆਂ ਫ਼ਿਲਮਾਂ ‘ਚ ਹੀਰੋਇਨ ਦਾ ਕਿਰਦਾਰ ਬਹੁਤਾ ਲੰਬਾ ਨਹੀਂ ਹੁੰਦਾ। ਦੂਜੇ ਪਾਸੇ, ਦੀਪਿਕਾ ਅਜਿਹੇ ਕਿਰਦਾਰ ਲਈ ਸ਼ਾਇਦ ਹੀ ਹਾਮੀ ਭਰੇ। ਇਸ ਲਈ ਦੀਪਿਕਾ ਦਾ ਰੋਲ ਵੀ ਸਲਮਾਨ ਦੇ ਬਰਾਬਰ ਕਰਨਾ ਪੈ ਸਕਦਾ ਹੈ ਤਾਂ ਜੋ ਦੀਪਿਕਾ ਫ਼ਿਲਮ ਲਈ ਹਾਂ ਕਰ ਦੇਵੇ। ਜੇ ਸਭ ਕੁੱਝ ਫ਼ਾਈਨਲ ਹੋ ਗਿਆ ਤਾਂ ਸਿਨੇਮਾ ਪ੍ਰੇਮੀਆਂ ਨੂੰ ਇੱਕ ਨਵੀਂ ਜੋੜੀ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਦੂਜੇ ਪਾਸੇ, ਨਿਰਦੇਸ਼ਕ ਅਨੁਰਾਗ ਬਾਸੂ ਵੀ ਆਪਣੀ ਅਗਲੀ ਫ਼ਿਲਮ ਇਮਲੀ ‘ਚ ਦੀਪਿਕਾ ਨੂੰ ਸਾਈਨ ਕਰ ਸਕਦਾ ਹੈ।