ਕਪਿਲ ਆਪਣੇ ਅਗਲੇ ਕੌਮੇਡੀ ਸ਼ੋਅ ਨੂੰ ਇੱਕ ਵੈੱਬ ਸੀਰੀਜ਼ ਵਜੋਂ ਬਣਾਏਗਾ ਜਿਸ ਵਿੱਚ ਉਹ ਨਵੇਂ ਹੁਨਰ ਨੂੰ ਮੌਕਾ ਦੇਵੇਗਾ …

ਮਸ਼ਹੂਰ ਕੌਮੇਡੀਅਨ ਕਪਿਲ ਸ਼ਰਮਾ ਛੇਤੀ ਹੀ ਵੈੱਬ ਸੀਰੀਜ਼ ਦੀ ਦੁਨੀਆ ‘ਚ ਕਦਮ ਰੱਖੇਗਾ। ਜਾਣਕਾਰੀ ਮੁਤਾਬਿਕ, ਕਪਿਲ ਸ਼ਰਮਾ ਆਪਣੇ ਕੌਮੇਡੀ ਸ਼ੋਅ ਨੂੰ ਇੱਕ ਵੈੱਬ ਸੀਰੀਜ਼ ਦੇ ਰੂਪ ‘ਚ ਬਣਾਉਣ ਬਾਰੇ ਸੋਚ ਰਿਹਾ ਹੈ। ਕਪਿਲ ਦੀ ਪ੍ਰੋਡਕਸ਼ਨ ਕੰਪਨੀ ਨੇ ਇਸ ਸੀਰੀਜ਼ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਕੰਪਨੀ ਹੀ ਕਪਿਲ ਸ਼ਰਮਾ ਦਾ ਕੌਮੇਡੀ ਸ਼ੋਅ ਬਣਾਉਂਦੀ ਸੀ, ਪਰ ਇਸ ਵਾਰ ਇਹ ਸ਼ੋਅ ਸਲਮਾਨ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਬਣਾ ਰਿਹਾ ਹੈ।
ਸੂਤਰਾਂ ਮੁਤਾਬਕ ਇਸ ਸ਼ੋਅ ਦਾ ਮਕਸਦ ਕੌਮੇਡੀ ਦੇ ਖੇਤਰ ‘ਚ ਆ ਰਹੇ ਨਵੇਂ ਹੁਨਰ ਨੂੰ ਇੱਕ ਵੱਖਰਾ ਮੰਚ ਦੇਣਾ ਹੈ, ਅਤੇ ਕਪਿਲ ਸ਼ਰਮਾ ਸਿੱਧੇ ਤੌਰ ‘ਤੇ ਇਸ ਸ਼ੋਅ ਨਾਲ ਨਹੀਂ ਜੁੜੇਗਾ। ਕਪਿਲ ਦੇ ਇਸ ਸ਼ੋਅ ਦੇ ਨਿਰਮਾਣ ਦੀ ਜ਼ਿੰਮੇਵਾਰੀ ਉਸ ਦੀ ਪਤਨੀ ਗਿਨੀ ਨਿਭਾਏਗੀ। ਗਿਨੀ ਦੀ ਦੇਖ ਰੇਖ ‘ਚ ਇਸ ਸੀਰੀਜ਼ ਦਾ ਸਾਰਾ ਕੰਮ ਚੱਲੇਗਾ। ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦੀ ਪ੍ਰੋਡਕਸ਼ਨ ਕੰਪਨੀ ਇਸ ਵੈੱਬ ਸੀਰੀਜ਼ ਤੋਂ ਇਲਾਵਾ ਦੋ ਫ਼ਿਲਮਾਂ ਅਤੇ ਇੱਕ ਲਘੂ ਫ਼ਿਲਮ ਬਣਾਉਣ ਦੀ ਯੋਜਨਾ ਵੀ ਬਣਾ ਰਹੀ ਹੈ।
ਜ਼ਿਕਰਯੋਗ ਹੈ ਕਿ ਕਪਿਲ ਅਤੇ ਗਿਨੀ ਦਾ ਪਿਛਲੇ ਸਾਲ 12 ਦਸੰਬਰ ਨੂੰ ਵਿਆਹ ਹੋਇਆ ਸੀ। ਵਿਆਹ ਤੋਂ ਕੁੱਝ ਸਮਾਂ ਪਹਿਲਾਂ ਕਪਿਲ ਦੇ ਪ੍ਰੋਡਕਸ਼ਨ ਹਾਊਸ ਵਲੋਂ ਬਣਾਈ ਗਈ ਪੰਜਾਬੀ ਫ਼ਿਲਮ ਸੰਨ ਔਫ਼ ਮਨਜੀਤ ਸਿੰਘ ਵੀ ਕਾਫ਼ੀ ਚਰਚਿਤ ਰਹੀ ਸੀ। ਇਸ ਵਿੱਚ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਇੱਕ ਦਮਦਾਰ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਬਾਅਦ ‘ਚ ਪਾਕਿਸਤਾਨ ਵਿੱਚ ਵੀ ਰਿਲੀਜ਼ ਕੀਤੀ ਗਈ ਸੀ। ਪਿਛਲੇ ਸਾਲ ਕਪਿਲ ਦਾ ਕੌਮੇਡੀ ਸ਼ੋਅ ਬੰਦ ਹੋਣ ਤੋਂ ਬਾਅਦ ਉਹ ਕਾਫ਼ੀ ਸਮਾਂ ਪਰਦੇ ਤੋਂ ਦੂਰ ਰਿਹਾ। ਉਸ ਦੇ ਕਰੀਅਰ ਨੂੰ ਵੀ ਨਵੀਂ ਦਿਸ਼ਾ ਦੇਣ ‘ਚ ਸਲਮਾਨ ਖ਼ਾਨ ਨੇ ਵੱਡੀ ਭੂਮਿਕਾ ਨਿਭਾਈ।