ਰੂਸ— ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਇਕ ਵਾਰ ਫਿਰ ਜਿੱਤ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਸ਼ਾਮ ਤਕ ਨਤੀਜੇ ਸਪੱਸ਼ਟ ਹੋਣਗੇ ਪਰ ਪੀ. ਐੱਮ. ਮੋਦੀ ਦਾ ਮੁੜ ਆਪਣੇ ਅਹੁਦੇ ‘ਤੇ ਬਣੇ ਰਹਿਣਾ ਤੈਅ ਹੈ। ਰੁਝਾਨਾਂ ‘ਚ ਭਾਜਪਾ ਨੇ ਲੀਡ ਹਾਸਲ ਕੀਤੀ ਹੈ। ਇਸ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ਾਂ ਤੋਂ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਫੋਨ ਕਰਕੇ ਮੋਦੀ ਨੂੰ ਜਿੱਤਣ ‘ਤੇ ਵਧਾਈ ਦਿੱਤੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤਣ ‘ਤੇ ਵਧਾਈ ਸੰਦੇਸ਼ ਭੇਜਿਆ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਲ ਵੈਂਗਚਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕ ਸਭਾ ਚੋਣਾਂ ‘ਚ ਵੱਡੀ ਜਿੱਤ ਪ੍ਰਾਪਤ ਕਰਨ ‘ਤੇ ਫੋਨ ਕਰਕੇ ਵਧਾਈ ਦਿੱਤੀ।
ਭਾਰਤ ਦੇ ਮਿੱਤਰ ਦੇਸ਼ ਇਜ਼ਰਾਇਲ ਵਲੋਂ ਵੀ ਉਨ੍ਹਾਂ ਨੂੰ ਵਧਾਈ ਸੰਦੇਸ਼ ਮਿਲਿਆ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੂ ਨੇ ਹਿੰਦੀ ਤੇ ਹੇਬਰੀਊ ਭਾਸ਼ਾ ‘ਚ ਟਵੀਟ ਕਰਦਿਆਂ ਲਿਖਿਆ,”ਚੋਣਾਂ ‘ਚ ਤੁਹਾਡੀ ਪ੍ਰਭਾਵਸ਼ਾਲੀ ਜਿੱਤ ਲਈ ਮੇਰੇ ਦੋਸਤ ਨਰਿੰਦਰ ਮੋਦੀ ਤੁਹਾਨੂੰ ਦਿਲੋਂ ਵਧਾਈਆਂ। ਇਹ ਚੋਣ ਨਤੀਜੇ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਤੁਹਾਡੀ ਲੀਡਰਸ਼ਿਪ ਦੀ ਪੁਸ਼ਟੀ ਕਰਦੇ ਹਨ। ਅਸੀਂ ਮਿਲ ਕੇ ਭਾਰਤ ਤੇ ਇਜ਼ਰਾਇਲ ਦੀ ਮਜ਼ਬੂਤ ਦੋਸਤੀ ਨੂੰ ਹੋਰ ਵੀ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਬਹੁਤ ਵਧੀਆ ਮੇਰੇ ਦੋਸਤ।” ਵਲਾਦੀਮੀਰ ਪੁਤਿਨ ਨੇ ਟੈਲੀਗ੍ਰਾਮ ਰਾਹੀਂ ਪ੍ਰਧਾਨ ਮੰਤਰੀ ਨੂੰ ਸ਼ਾਨਦਾਰ ਜਿੱਤ ‘ਤੇ ਵਧਾਈ ਸੰਦੇਸ਼ ਭੇਜਿਆ। ਇਸ ਤੋਂ ਪਹਿਲਾਂ ਸ਼੍ਰੀਲੰਕਾ ਵਲੋਂ ਵੀ ਮੋਦੀ ਨੂੰ ਵਧਾਈਆਂ ਮਿਲੀਆਂ ਹਨ।