ਫਰਜ਼ੀ ਐਗਜ਼ਿਟ ਪੋਲ ਨਾਲ ਨਿਰਾਸ਼ ਨਾ ਹੋਵੋ, ਮਿਹਨਤ ਬੇਕਾਰ ਨਹੀਂ ਜਾਵੇਗੀ : ਰਾਹੁਲ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਨੂੰ ਫਰਜ਼ੀ ਦੱਸਦੇ ਹੋਏ ਪਾਰਟੀ ਵਰਕਰਾਂ ਨੂੰ ਇਨ੍ਹਾਂ ਤੋਂ ਨਿਰਾਸ਼ ਨਾ ਹੋਣ ਅਤੇ ਵੋਟਾਂ ਦੀ ਗਿਣਤੀ ਤੱਕ ਵਧ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਆਪਣੇ ਸੰਦੇਸ਼ ‘ਚ ਕਿਹਾ ਹੈ ਕਿ ਐਗਜ਼ਿਟ ਪੋਲ ਫਰਜ਼ੀ ਹਨ ਅਤੇ ਉਨ੍ਹਾਂ ‘ਤੇ ਵਿਸ਼ਵਾਸ ਨਾ ਕਰੋ। ਇਸ ਰਾਹੀਂ ਗਲਤ ਪ੍ਰਚਾਰ ਕਰ ਕੇ ਕਾਂਗਰਸ ਵਰਕਰਾਂ ਦੇ ਮਨੋਬਲ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਲਈ ਕਿਸੇ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਟਵੀਟ ਕੀਤਾ,”ਕਾਂਗਰਸ ਪਾਰਟੀ ਦੇ ਪ੍ਰਿਯ ਵਰਕਰ, ਅਗਲੇ 24 ਘੰਟੇ ਮਹੱਤਵਪੂਰਨ ਹਨ। ਸਾਵਧਾਨ ਰਹੋ। ਡਰੋ ਨਹੀਂ। ਤੁਸੀਂ ਸੱਚ ਲਈ ਲੜ ਰਹੇ ਹੋ। ਫਰਜ਼ੀ ਐਗਜ਼ਿਟ ਪੋਲ ਦੇ ਗਲਤ ਪ੍ਰਚਾਰ ਨਾਲ ਨਿਰਾਸ਼ ਨਾ ਹੋਵੇ। ਖੁਦ ‘ਤੇ ਅਤੇ ਕਾਂਗਰਸ ਪਾਰਟੀ ‘ਤੇ ਵਿਸ਼ਵਾਸ ਰੱਖੋ, ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ। ਜੈ ਹਿੰਦ। ਰਾਹੁਲ ਗਾਂਧੀ।”
ਐਗਜ਼ਿਟ ਪੋਲ ਦੇ ਅਨੁਮਾਨ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀ ਦਲਾਂ ਦੇ ਪੱਖ ‘ਚ ਆਉਣ ਕਾਰਨ ਕਾਂਗਰਸ ਵਰਕਰਾਂ ‘ਚ ਨਿਰਾਸ਼ਾ ਛਾ ਗਈ ਸੀ ਪਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਆਪਣੀ ਆਵਾਜ਼ ‘ਚ ਸੰਦੇਸ਼ ਦਿੱਤਾ, ਜਿਸ ਨਾਲ ਵਰਕਰਾਂ ਦਾ ਮਨੋਬਲ ਉੱਚਾ ਹੋਇਆ। ਰਾਹੁਲ ਗਾਂਧੀ ਦਾ ਸੰਦੇਸ਼ ਚੋਣ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਆ ਰਿਹਾ ਹੈ, ਜਦੋਂ ਕਿ ਐਗਜ਼ਿਟ ਪੋਲ ਦੇ ਤੁਰੰਤ ਬਾਅਦ ਉਨ੍ਹਾਂ ਵਲੋਂ ਇਸ ਤਰ੍ਹਾਂ ਦਾ ਸੰਦੇਸ਼ ਆਉਣ ਦੀ ਉਮੀਦ ਸੀ।