ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਬੜਬੋਲਾਪਨ ਹੁਣ ਉਨ੍ਹਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ, ਇਸ ਲਈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਖਿਲਾਫ ਸਖਤ ਰਵੱਈਆ ਅਪਣਾਇਆ ਹੈ, ਉੱਥੇ ਹੀ ਕੈਪਟਨ ਨੇ ਮੰਤਰੀਆਂ ਨੇ ਵੀ ਸਿੱਧੂ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਸਿੱਧੂ ਨੂੰ ਕੋਸਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸਿੱਧੁ ਜਦੋਂ ਭਾਜਪਾ ‘ਚ ਸਨ ਤਾਂ ਉਨ੍ਹਾਂ ਖਿਲਾਫ ਬੋਲਦੇ ਸਨ ਅਤੇ ਹੁਣ ਕਾਂਗਰਸ ‘ਚ ਆ ਗਏ ਹਨ ਤਾਂ ਇੱਥੇ ਵੀ ਉਹ ਅਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਸਿੱਧੂ ਜੋੜੀ ਨੂੰ ਕਦੇ ਸੰਤੁਸ਼ਟੀ ਨਹੀਂ ਮਿਲੀ ਅਤੇ ਇਹ ਜਿੱਥੇ ਵੀ ਜਾਂਦੇ ਹਨ, ਉੱਥੇ ਹੀ ਆਪਣਾ ਵੱਖਰਾ ਝੰਡਾ ਚੁੱਕ ਲੈਂਦੇ ਹਨ।
ਧਰਮਸੋਤ ਨੇ ਕਿਹਾ ਕਿ ਜੇਕਰ ਸਿੱਧੂ ਉਨ੍ਹਾਂ ਖਿਲਾਫ ਕੁਝ ਬੋਲਣ ਤਾਂ ਉਹ ਸਹਿਣ ਕਰ ਲੈਣਗੇ ਪਰ ਜੇਕਰ ਪਾਰਟੀ ਨੂੰ ਨੁਕਸਾਨ ਹੋਇਆ ਤਾਂ ਕਿਸੇ ਵੀ ਹਾਲਤ ‘ਚ ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਕਾਰਨ ਰਾਹੁਲ ਗਾਂਧੀ ਤੇ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ‘ਚ ਮੋਦੀ ਨੂੰ ਹਟਾਉਣ ਲਈ ਇਕ-ਇਕ ਸੀਟ ਮਾਇਨੇ ਰੱਖਦੀ ਹੈ। ਸਿੱਧੂ ਦੇ ਮੁੱਖ ਮੰਤਰੀ ਬਣਨ ਦੇ ਸਵਾਲ ਦਾ ਜਵਾਬ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਸਿੱਧੂ ਪਹਿਲਾਂ ਵਧੀਆ ਕ੍ਰਿਕਟਰ ਸਨ ਅਤੇ ਬਾਅਦ ‘ਚ ਉਨ੍ਹਾਂ ਨੇ ਹਾਸੇ-ਮਜ਼ਾਕ ਨਾਲ ਅਭਿਨੈ ਕਰਦੇ ਰਹੇ ਪਰ ਸਿਆਸਤ ‘ਚ ਸਿੱਧੂ ਦੀ ਗੰਭੀਰਤਾ ਬਿਲਕੁਲ ਨਹੀਂ ਹੈ।