ਬਠਿੰਡਾ : ਬਠਿੰਡਾ ਤੋਂ ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਸੁਖਪਾਲ ਖਹਿਰਾ ਨੂੰ ਆਪਣੀ ਅਤੇ ਹਰਸਿਮਰਤ ਦੀ ਹਾਰ ਨਜ਼ਰ ਆ ਰਹੀ ਹੈ। ਖਹਿਰਾ ਮੁਤਾਬਕ ਕਾਂਗਰਸ ਪਾਰਟੀ ਬਠਿੰਡਾ ਤੋਂ ਜਿੱਤ ਰਹੀ ਹੈ।
ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੋ ਜਾਗੀਰਦਾਰ ਪਰਿਵਾਰਾਂ ਖਿਲਾਫ ਮੈਦਾਨ ਵਿਚ ਉਤਰੀ ਸੀ ਅਤੇ ਲੋਕਾਂ ਦਾ ਉਨ੍ਹਾਂ ਨੂੰ ਕਾਫੀ ਸਮਰਥਨ ਵੀ ਮਿਲਿਆ ਹੈ ਪਰ ਇਸ ਬਾਵਜੂਦ ਉਨ੍ਹਾਂ ਨੂੰ ਪੰਜਾਬ ਵਿਚ ਕਾਂਗਰਸ ਦੀ ਜਿੱਤ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਦਿਨ ਉਨ੍ਹਾਂ ਨੇ ਵੱਖ-ਵੱਖ ਹਲਕਿਆਂ ਦਾ ਦੌਰਾ ਕੀਤਾ ਉਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਬਣਾਏ ਗਏ ਪੋਲਿੰਗ ਬੂਥਾਂ ਵਿਚੋਂ ਜ਼ਿਆਦਾ ਭੀੜ ਉਨ੍ਹਾਂ ਨੂੰ ਕਾਂਗਰਸੀਆਂ ਦੇ ਬੂਥਾਂ ‘ਤੇ ਦਿਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਜਿੱਤ ਦਿਖਾਈ ਦੇ ਰਹੀ ਹੈ।
ਆਮ ਆਦਮੀ ਪਾਰਟੀ ‘ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚੋਂ ‘ਆਪ’ ਦਾ ਸਫਾਇਆ ਹੋ ਜਾਏਗਾ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਸਿਰਫ ਸੰਗਰੂਰ ਵਿਚ ਹੀ ਵੋਟ ਪਏਗੀ। ਉਥੇ ਹੀ ਐਗਜ਼ਿਟ ਪੋਲ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਐਗਜ਼ਿਟ ਪੋਲ ਜ਼ਮੀਨੀ ਹਕੀਕਤ ਨਾਲ ਮੇਲ ਹੀ ਨਹੀਂ ਖਾਂਦਾ। ਖਹਿਰਾ ਨੇ ਕਿਹਾ ਕਿ ਮੋਦੀ ਸਾਬ੍ਹ ਨੇ ਵਿਦੇਸ਼ਾਂ ਵਿਚ ਸੈਰ ਕਰਨ ਤੋਂ ਇਲਾਵਾ 5 ਸਾਲਾਂ ਵਿਚ ਕੀਤਾ ਕੀ ਹੈ? ਉਨ੍ਹਾਂ ਕਿਹਾ ਕਿ ਭਾਰਤ ਪਿਛਲੇ 5 ਸਾਲਾਂ ਵਿਚ ਕਮਜ਼ੋਰ ਹੋਇਆ ਹੈ। ਇਸ ਲਈ ਅਕਾਲੀ-ਭਾਜਪਾ ਪੰਜਾਬ ਵਿਚੋਂ ਬੁਰੀ ਤਰ੍ਹਾਂ ਨਾਲ ਹਾਰਨਗੇ।