ਵੋਟਾਂ ਦੀ ਗਿਣਤੀ ਦੀ ਨਿਰਪੱਖਤਾ ਲਈ ਵਿਸ਼ੇਸ਼ ਇੰਤਜ਼ਾਮ ਕਰੇ ਚੋਣ ਕਮਿਸ਼ਨ : ਭਾਜਪਾ

ਨਵੀਂ ਦਿੱਲੀ— ਚੋਣਾਂ ਤੋਂ ਬਾਅਦ ਸਰਵੇਖਣਾਂ ‘ਚ ਸਪੱਸ਼ਟ ਬਹੁਮਤ ਮਿਲਣ ਦੇ ਅਨੁਮਾਨਾਂ ਨਾਲ ਉਤਸ਼ਾਹਤ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿਰੋਧੀ ਦਲਾਂ ਦੇ ਸ਼ਾਸਨ ਵਾਲੇ ਰਾਜਾਂ ‘ਚ ਵੋਟਾਂ ਦੀ ਗਿਣਤੀ ‘ਚ ਹੇਰ-ਫੇਰ ਦਾ ਖਦਸ਼ਾ ਸਤਾਉਣ ਲੱਗਾ ਹੈ। ਪਾਰਟੀ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੱਛਮੀ ਬੰਗਾਲ, ਓਡੀਸ਼ਾ, ਕਰਨਾਟਕ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੀ ਸੁਰੱਖਿਆ ਸਖਤ ਕੀਤੀ ਜਾਵੇ ਅਤੇ ਵੋਟਾਂ ਦੀ ਗਿਣਤੀ ਦਾ ਕੰਮ ਕੇਂਦਰੀ ਚੋਣ ਕਮਿਸ਼ਨ ਦੀ ਨਿਗਰਾਨੀ ‘ਚ ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਯਕੀਨੀ ਕੀਤਾ ਜਾਵੇ। ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪੀਊਸ਼ ਗੋਇਲ ਨੇ ਚੋਣ ਸਦਨ ‘ਚ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਕਮਿਸ਼ਨਰਾਂ ਨੂੰ ਮਿਲਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ ‘ਚ 7 ਗੇੜਾਂ ‘ਚ ਹੋਈ ਹਿੰਸਾ ਦੇ ਸਥਾਨਾਂ ਦਾ ਵੇਰਵਾ ਦਿੱਤਾ ਹੈ ਅਤੇ ਉੱਥੇ ਮੁੜ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਜਪਾ ਨੇ ਪੱਛਮੀ ਬੰਗਾਲ ਦੇ ਅਨੁਭਵ ਦੇ ਆਧਾਰ ‘ਤੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਸ ਰਾਜ ਦੇ ਨਾਲ-ਨਾਲ ਓਡੀਸ਼ਾ, ਕਰਨਾਟਕ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਈ.ਵੀ.ਐੱਮ. ‘ਚ ਸਟਰਾਂਗ ਰੂਮ ਦੀ ਸੁਰੱਖਿਆ ਕੇਂਦਰੀ ਫੋਰਸਾਂ ਦੇ ਅਧੀਨ ਕੀਤੀ ਜਾਵੇ, ਹਰ ਵੋਟਿੰਗ ਕੇਂਦਰ ਦੀ ਸੁਰੱਖਿਆ ਕੇਂਦਰੀ ਫੋਰਸਾਂ ਦੇ ਹੱਥ ‘ਚ ਹੋਵੇ ਅਤੇ ਉੱਥੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ‘ਚ ਗਿਣਤੀ ਕਰਵਾਈ ਜਾਵੇ, ਅਣਪਛਾਤੇ ਵਿਅਕਤੀ ਨੂੰ ਨਾ ਆਉਣ ਦਿੱਤਾ ਜਾਵੇ ਅਤੇ ਇਸ ਦੀ ਨਿਗਰਾਨੀ ਉੱਚ ਅਧਿਕਾਰੀ ਕਰਨ। ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ‘ਚ ਨਿਰਪੱਖਤਾ ਅਤੇ ਈ.ਵੀ.ਐੱਮ. ਦੀ ਸੁਰੱਖਿਆ ਲਈ ਵਿਸ਼ੇਸ਼ ਸੁਪਰਵਾਈਜ਼ਰਾਂ ਦੀ ਤਾਇਨਾਤੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ 5 ਰਾਜਾਂ ‘ਚ ਵੋਟਾਂ ਦੀ ਗਿਣਤੀ ‘ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਵੋਟਾਂ ਦੀ ਗਿਣਤੀ ਨਿਰਪੱਖਤਾ, ਪਾਰਦਰਸ਼ਿਤਾ ਅਤੇ ਵੋਟਾਂ ਦੀ ਗਿਣਤੀ ਕਰਵਾਉਣ ਲਈ ਚੋਣ ਕਮਿਸ਼ਨ ਸਖਤੀ ਨਾਲ ਕੰਮ ਕਰੇਗਾ।