ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ ਗਣਰਾਜ ਦੀ ਰਾਜਧਾਨੀ ਬਿਸ਼ਕੇਕ ਵਿਚ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਦੋ ਦਿਨਾ ਬੈਠਕ ‘ਚ ਹਿੱਸਾ ਲਵੇਗੀ। ਮੰਤਰਾਲੇ ਨੇ ਦੱਸਿਆ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਬਿਸ਼ਕੇਕ ‘ਚ 21-22 ਮਈ ਨੂੰ ਹੋਣ ਜਾ ਰਹੀ ਬੈਠਕ ‘ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਭਾਰਤ 2017 ‘ਚ ਇਸ ਸਮੂਹ ਦਾ ਮੈਂਬਰ ਬਣਿਆ ਸੀ।
ਸਮਝਿਆ ਜਾਂਦਾ ਹੈ ਕਿ ਇਸ ਬੈਠਕ ‘ਚ ਅੱਤਵਾਦ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਦੱਸਿਆ ਕਿ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ (ਸੀ. ਐੱਫ. ਐੱਮ.) ਕੌਮਾਂਤਰੀ ਅਤੇ ਖੇਤਰੀ ਮਹੱਤਵ ਦੇ ਮੁੱਦਿਆਂ ‘ਤੇ ਚਰਚਾ ਕਰੇਗੀ ਅਤੇ ਬਿਸ਼ਕੇਕ ‘ਚ 13-14 ਜੂਨ ਨੂੰ ਹੋਣ ਜਾ ਰਹੇ ਐੱਸ. ਸੀ. ਓ. ਸਿਖਰ ਸੰਮੇਲਨ ਦੀਆਂ ਤਿਆਰੀਆਂ ਦੀ ਸਮੀਖਿਆ ਕਰੇਗੀ।