ਫਿਰੋਜ਼ਪੁਰ – ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਧਿਕਾਰੀ ਚੰਦਰ ਗੈਂਦ ਵਲੋਂ ਅੱਜ ਦੇਵਰਾਜ ਕਾਲਜ ਸਥਿਤ ਕਾਊਂਟਿੰਗ ਸੈਂਟਰ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨਾਲ ਜਨਰਲ ਅਬਜ਼ਰਵਰ ਮਸ਼ੀਰ ਆਲਮ, ਐੱਸ. ਡੀ. ਐੱਮ. ਅਮਿੱਤ ਗੁਪਤਾ ਹਾਜ਼ਰ ਸਨ। ਸਟਰਾਂਗ ਰੂਮ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਥ੍ਰੀ ਲੇਅਰ ਸਿਕਿਊਰਟੀ ਦਾ ਇੰਤਜ਼ਾਮ ਕੀਤਾ ਗਿਆ ਹੈ। ਸਟਰਾਂਗ ਰੂਮ ਦੇ ਬਾਹਰ ਸੀ.ਏ.ਪੀ.ਐੱਫ ਕੇਂਦਰੀ ਬਲਾਂ ਅਤੇ ਪੰਜਾਬ ਪੁਲਸ ਦੀ ਫੋਰਸ ਤਾਇਨਾਤ ਕੀਤੀ ਗਈ ਹੈ। ਸਟਰਾਂਗ ਰੂਮ ਦੇ ਆਲ਼ੇ ਦੁਆਲੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ 23 ਮਈ ਨੂੰ ਵੋਟਾਂ ਦੀ ਗਿਣਤੀ ਸਵੇਰੇ 8.00 ਵਜੇ ਸ਼ੁਰੂ ਕੀਤੀ ਜਾਵੇਗੀ ਅਤੇ ਇੱਥੇ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਅਤੇ ਜ਼ੀਰਾ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਹੋਵੇਗੀ।
ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲਿਆਂ ਨਾਲ ਸਬੰਧਿਤ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਉਨ੍ਹਾਂ ਦੇ ਜ਼ਿਲਿਆਂ ਦੇ ਜ਼ਿਲਾ ਚੋਣ ਅਧਿਕਾਰੀ ਵਲੋਂ ਕਰਵਾਈ ਜਾਵੇਗੀ। ਫਿਰੋਜ਼ਪੁਰ ਸੰਸਦੀ ਖੇਤਰ ਦੇ ਸਾਰੇ 9 ਹਲਕਿਆਂ ਦਾ ਨਤੀਜਾ ਕੰਪਾਈਲ ਕਰਨ ਮਗਰੋਂ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਾਊਂਟਿੰਗ ਨਾਲ ਸਬੰਧਿਤ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੰਤੁਸ਼ਟੀ ਜਤਾਈ।