ਨਵੀਂ ਦਿੱਲੀ— ਐਗਜਿਟ ਪੋਲ ਦੇ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਕੇਂਦਰ ਦੀ ਸੱਤਾ ‘ਤੇ ਇਕ ਵਾਰ ਫਿਰ ਕਾਬਜ਼ ਹੋਣ ਜਾ ਰਹੀ ਹੈ। ਅੰਕੜੇ ਦਿਖਾ ਰਹੇ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਨੂੰ 300 ਤੋਂ ਵਧ ਸੀਟਾਂ ਮਿਲ ਰਹੀਆਂ ਹਨ। ਕੇਂਦਰ ‘ਚ ਮੁੜ ਸੱਤਾ ‘ਤੇ ਆਉਣ ਦੀਆਂ ਸੰਭਾਵਨਾਵਾਂ ਦਰਮਿਆਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਐੱਨ.ਡੀ.ਏ. ਨੇਤਾਵਾਂ ਦੀ ਬੈਠਕ ਬੁਲਾਈ ਹੈ। ਅਮਿਤ ਸ਼ਾਹ ਨੇ ਐੱਨ.ਡੀ.ਏ. ਨੇਤਾਵਾਂ ਲਈ ਮੰਗਲਵਾਰ ਨੂੰ ਡਿਨਰ ਦਾ ਆਯੋਜਨ ਕੀਤਾ ਹੈ।
ਉੱਥੇ ਹੀ ਮੰਗਲਵਾਰ ਨੂੰ ਹੀ ਕੇਂਦਰੀ ਮੰਤਰੀ ਪ੍ਰੀਸ਼ਦ ਦੇ ਮੰਤਰੀਆਂ ਦੀ ਬੈਠਕ ਵੀ ਹੋਵੇਗੀ। ਹਾਲਾਂਕਿ ਇਸ ਬੈਠਕ ਦਾ ਏਜੰਡਾ ਅਜੇ ਸਾਫ਼ ਨਹੀਂ ਹੋ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਐਗਜਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਐਗਜਿਟ ਪੋਲ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਇਕ ਵਾਰ ਫਿਰ ਮੋਦੀ ਸਰਕਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ। ਜ਼ਿਆਦਾਤਰ ਐਗਜਿਟ ਪੋਲ ‘ਚ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਨੂੰ 300 ਤੋਂ ਵਧ ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਸਾਲ 2014 ਦੇ ਮੁਕਾਬਲੇ ਕਾਂਗਰਸ ਦਾ ਪ੍ਰਦਰਸ਼ਨ ਇਸ ਵਾਰ ਥੋੜ੍ਹਾ ਬਿਹਤਰ ਹੈ। ਨਤੀਜਿਆਂ ਅਨੁਸਾਰ ਕਾਂਗਰਸ ਨੂੰ 96 ਤੋਂ 107 ਸੀਟਾਂ ਦਾ ਅਨੁਮਾਨ ਹੈ ਪਰ ਸੱਤਾ ‘ਚ ਆਉਣ ਲਈ 5 ਸਾਲ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।