ਕੋਲਕਾਤਾ— ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀਆਂ ਵੋਟਾਂ ਦੌਰਾਨ ਪੱਛਮੀ ਬੰਗਾਲ ਵਿਚ ਇਕ ਵਾਰ ਫਿਰ ਹਿੰਸਾ ਦੇਖਣ ਨੂੰ ਮਿਲੀ ਹੈ। ਬੰਗਾਲ ਵਿਚ ਪਿਛਲੇ 6 ਗੇੜਾਂ ਦੌਰਾਨ ਵੀ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਵਰਕਰਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਪੱਛਮੀ ਬੰਗਾਲ ਲੋਕ ਸਭਾ ਸੀਟ ਤੋਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਵਿਰੁੱਧ ਚੋਣ ਲੜ ਰਹੇ ਭਾਜਪਾ ਉਮੀਦਵਾਰ ਨਿਲਾਂਜਨ ਰਾਏ ਦੀ ਕਾਰ ‘ਤੇ ਹਮਲਾ ਹੋਇਆ ਹੈ।
ਉੱਥੇ ਹੀ ਜਾਧਵਪੁਰ ਤੋਂ ਭਾਜਪਾ ਉਮੀਦਵਾਰ ਪ੍ਰੋਫੈਸਰ ਅਨੁਪਮ ਹਾਜ਼ਰਾ ਨੇ ਟੀ. ਐੱਮ. ਸੀ. ‘ਤੇ ਕਈ ਬੂਥਾਂ ‘ਤੇ ਵੋਟਿੰਗ ਵਿਚ ਗੜਬੜੀ ਕਰਨ ਅਤੇ ਭਾਜਪਾ ਵਰਕਰਾਂ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਟੀ. ਐੱਮ. ਸੀ. ਦੀ ਮਹਿਲਾ ਵਰਕਰ ਕੱਪੜੇ ਨਾਲ ਚਿਹਰੇ ਨੂੰ ਢੱਕ ਕੇ ਫਰਜ਼ੀ ਵੋਟਿੰਗ ਕਰ ਰਹੀ ਹੈ।
ਹਾਜ਼ਰਾ ਨੇ ਕਿਹਾ, ”ਟੀ. ਐੱਮ. ਸੀ. ਦੇ ਗੁੰਡਿਆਂ ਨੇ ਭਾਜਪਾ ਦੇ ਡਿਵੀਜ਼ਨ ਪ੍ਰਧਾਨ ਅਤੇ ਡਰਾਈਵਰ ਦੀ ਕੁੱਟਮਾਰ ਕੀਤੀ ਹੈ। ਕਾਰ ‘ਤੇ ਹਮਲਾ ਕੀਤਾ ਹੈ। ਅਸੀਂ ਆਪਣੇ 3 ਪੋਲਿੰਗ ਏਜੰਟਾਂ ਨੂੰ ਬਚਾਇਆ ਹੈ। ਟੀ. ਐੱਮ. ਸੀ. ਦੇ ਗੁੰਡੇ 52 ਬੂਥਾਂ ‘ਤੇ ਗੜਬੜੀ ਕਰ ਰਹੇ ਹਨ। ਲੋਕ ਭਾਜਪਾ ਨੂੰ ਵੋਟ ਪਾਉਣ ਨੂੰ ਲੈ ਕੇ ਉਤਸੁਕ ਹਨ ਪਰ ਉਹ ਲੋਕਾਂ ਨੂੰ ਵੋਟ ਨਹੀਂ ਪਾਉਣ ਦੇ ਰਹੇ ਹਨ। ਪੱਛਮੀ ਬੰਗਾਲ ਦੇ ਮਥੁਰਾਪੁਰ ਵਿਚ ਔਰਤਾਂ ਨੇ ਬੂਥ ਕੈਪਚਰਿੰਗ ਦਾ ਦੋਸ਼ ਲਾਇਆ ਹੈ। ਇੱਥੋਂ ਦੇ ਮੋਗਰਾਹਾਟ ਵਿਚ ਕਈ ਔਰਤਾਂ ਹੱਥਾਂ ‘ਚ ਡੰਡੇ ਲੈ ਕੇ ਸੜਕਾਂ ‘ਤੇ ਉਤਰੀਆਂ ਅਤੇ ਬੂਥ ‘ਤੇ ਕਬਜ਼ੇ ਦਾ ਦੋਸ਼ ਲਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ 7ਵੇਂ ਗੇੜ ਵਿਚ 8 ਸੂਬਿਆਂ ਦੀਆਂ 59 ਲੋਕ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ।