ਕਲਪਾ— ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ‘ਤੇ ਅੱਜ ਭਾਵ ਐਤਵਾਰ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਹਿਮਾਚਲ ਪ੍ਰਦੇਸ਼ ‘ਚ ਕਿੰਨੌਰ ਜ਼ਿਲੇ ਦਾ ਕਲਪਾ ਖੇਤਰ ਖਾਸ ਚਰਚਾ ਵਿਚ ਹੈ। ਹੋਵੇ ਵੀ ਕਿਉਂ ਨਾ, ਇੱਥੋਂ ਦੇ ਰਹਿਣ ਵਾਲੇ ਸਭ ਤੋਂ ਬਜ਼ੁਰਗ ਸ਼ਿਆਮ ਸ਼ਰਨ ਨੇਗੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟ ਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਨੇਗੀ ਦੀ ਉਮਰ ਇਸ ਸਮੇਂ 102 ਸਾਲ ਹੈ। ਉਹ ਦੇਸ਼ ਦੇ ਅਜਿਹੇ ਪਹਿਲੇ ਵੋਟਰ ਹਨ, ਜਿਨ੍ਹਾਂ ਨੇ 1951 ਦੀਆਂ ਚੋਣਾਂ ‘ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ।
ਲੋਕ ਸਭਾ ਚੋਣਾਂ 2019 ਦੀ ਵੋਟਿੰਗ ਲਈ ਨੇਗੀ ਲਈ ਪੂਰੀ ਤਿਆਰੀ ਕੀਤੀ ਗਈ। ਕਿੰਨੌਰ ਦੇ ਡੀ. ਸੀ. ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੇ ਸਨਮਾਨ ਨਾਲ ਵੋਟਿੰਗ ਕੇਂਦਰ ਲਿਆਂਦਾ ਗਿਆ। ਸ਼ਿਆਮ ਸਰਨ ਨੇਗੀ ਇਸ ਖੇਤਰ ਦੇ ਸਭ ਤੋਂ ਬਜ਼ੁਰਗ ਵੋਟਰ ਹਨ।
ਨੇਗੀ ਦਾ ਕਹਿਣਾ ਹੈ ਕਿ 1951 ‘ਚ ਮੈਂ ਪਹਿਲੀ ਵਾਰ ਲੋਕ ਸਭਾ ਚੋਣਾਂ ‘ਚ ਵੋਟ ਪਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਵੀ ਚੋਣ ਨਹੀਂ ਛੱਡੀ ਅਤੇ ਬਕਾਇਦਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਰਹੇ ਹਨ। ਨੇਗੀ ਨੇ ਕਿਹਾ ਕਿ ਮੈਂ ਆਪਣੇ ਵੋਟ ਦੀ ਅਹਿਮੀਅਤ ਨੂੰ ਜਾਣਦਾ ਹਾਂ।
ਹੁਣ ਤਾਂ ਮੇਰਾ ਸਰੀਰ ਵੀ ਸਾਥ ਨਹੀਂ ਦੇ ਰਿਹਾ ਹਾਂ ਪਰ ਆਤਮ ਸ਼ਕਤੀ ਦੇ ਕਾਰਨ ਹੀ ਮੈਂ ਵੋਟ ਪਾਉਣ ਜਾਂਦਾ ਹਾਂ। ਇਸ ਵਾਰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਉਤਸ਼ਾਹਿਤ ਹਾਂ। ਮੇਰਾ ਲੋਕਤੰਤਰ ਵਿਚ ਡੂੰਘਾ ਵਿਸ਼ਵਾਸ ਹੈ। ਹੁਣ ਮੇਰੀ ਉਮਰ 102 ਸਾਲ ਹੈ ਅਤੇ ਮੈਂ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤੀ ਚੋਣਾਂ ‘ਚ ਕਦੇ ਵੀ ਵੋਟ ਪਾਉਣ ਤੋਂ ਪਿੱਛੇ ਨਹੀਂ ਰਿਹਾ। ਮੈਂ 19 ਮਈ ਦੀ ਉਡੀਕ ਵਿਚ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਮੇਰੀ ਆਖਰੀ ਵੋਟ ਹੋਵੇ।