ਨੋਇਡਾ — ਦਿੱਗਜ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੀ ਹਿੰਦੂ ਦੇਵੀ-ਦੇਵਤਾਵਾਂ ਦੇ ਨਿਰਾਦਰ ਮਾਮਲੇ ‘ਚ ਮੁਸ਼ਕਲਾਂ ਵਧਦੀਆਂ ਜਾ ਰਹੀ ਹਨ। ਹੁਣ ਇਸ ਮਾਮਲੇ ਵਿਚ ਨੋਇਡਾ ਦੇ ਇਕ ਵਿਅਕਤੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਸ਼ੁੱਕਰਵਾਰ ਨੂੰ ਐਮਾਜ਼ੋਨ ‘ਤੇ FIR ਦਰਜ ਕਰਵਾਈ ਹੈ। ਸ਼ਿਕਾਇਤ ਕਰਤਾ ਵਿਕਾਸ ਮਿਸ਼ਰਾ ਦਾ ਕਹਿਣਾ ਹੈ ਕਿ ਐਮਾਜ਼ੋਨ ਨੇ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਨੋਇਡਾ ਦੇ ਸੈਕਟਰ 58 ਦੇ ਥਾਣੇ ‘ਚ ਉਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਐਮਾਜ਼ੋਨ ਦੇ ਖਿਲਾਫ ਧਰਮ ਦੇ ਆਧਾਰ ‘ਤੇ ਲੋਕਾਂ ‘ਚ ਦੁਸ਼ਮਣੀ ਫੈਲਾਉਣ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਸੋਸ਼ਲ ਮੀਡੀਆ ‘ਤੇ ‘ਬਾਇਕਾਟ ਐਮਾਜ਼ੋਨ’ ਦੀ ਮੁਹਿੰਮ ਐਮਾਜ਼ੋਨ ਦੀ ਵੈਬਸਾਈਟ ‘ਤੇ ਹਿੰਦੂ ਦੇਵੀ-ਦੇਵਤਾਵਾਂ ਦੀ ਤਸਵੀਰ ਵਾਲੇ ਟਾਇਲਟ ਸੀਟ ਕਵਰ ਅਤੇ ਕਾਲੀਨ ਵਿਕਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਵੀਰਵਾਰ ਤੋਂ ਸੋਸ਼ਲ ਮੀਡੀਆ ‘ਤੇ ‘ਬਾਇਕਾਟ ਐਮਾਜ਼ੋਨ’ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ।
ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਐਮਾਜ਼ੋਨ ਆਪਣੀ ਵੈਬਸਾਈਟ ‘ਤੇ ਲੰਮੇ ਸਮੇਂ ਤੋਂ ਵਾਰ-ਵਾਰ , ਲਗਾਤਾਰ ਅਜਿਹੇ ਉਤਪਾਦ ਵੇਚਣ ਲਈ ਪਾਉਂਦੀ ਜਿਨ੍ਹਾਂ ਵਿਚ ਧਾਰਮਿਕ ਚਿੰਨ੍ਹ, ਦੇਵੀ-ਦੇਵਤਾ ਦਾ ਨਿਰਾਦਰ ਹੁੰਦਾ ਹੈ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਤਰ੍ਹਾਂ ਨਾਲ ਦੇਸ਼ ਵਿਚ ਕਿਸੇ ਵੀ ਸਮੇਂ ਕੱਟੜਵਾਦੀ/ਸੰਪਰਦਾਇਕ ਤਣਾਅ ਫੈਲ ਸਕਦਾ ਹੈ। ਇਸ ਲਈ ਐਮਾਜ਼ੋਨ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਵਾਰ-ਵਾਰ ਨਾ ਹੋਣ। ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੀ ਵਾਰ ਵੀ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਮਾਜ਼ੋਨ ਨੂੰ ਚਿਤਾਵਨੀ ਦਿੱਤੀ ਸੀ।
ਕੀ ਕਿਹਾ ਬਾਬਾ ਰਾਮ ਦੇਵ ਨੇ
ਸ਼ੁੱਕਰਵਾਰ ਨੂੰ ਪਤੰਜਲੀ ਦੇ ਬਾਨੀ ਬਾਬਾ ਰਾਮਦੇਵ ਨੇ ਵੀ ਐਮਾਜ਼ੋਨ ਦੀ ਨਿੰਦਾ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰਕੇ ਸਵਾਲ ਕੀਤਾ ਸੀ ਕਿ ਹਮੇਸ਼ਾ ਭਾਰਤ ਦੇ ਦੇਵੀ-ਦੇਵਤਿਆਂ ਦਾ ਹੀ ਅਪਮਾਨ(ਨਿਰਾਦਰ) ਕਿਉਂ ਕੀਤਾ ਜਾਂਦਾ ਹੈ। ਕੀ ਐਮਾਜ਼ੋਨ ਇਸਲਾਮ ਅਤੇ ਇਸਾਈਆਂ ਦੇ ਪਵਿੱਤਰ ਚਿੱਤਰਾਂ ਨੂੰ ਇਸ ਰੂਪ ਵਿਚ ਪੇਸ਼ ਕਰਕੇ ਉਨ੍ਹਾਂ ਦਾ ਨਿਰਾਦਰ ਕਰਨ ਦੀ ਹਿੰਮਤ ਕਰ ਸਕਦਾ ਹੈ? ਐਮਾਜ਼ੋਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਐਮਾਜ਼ੋਨ ਦਾ ਜਵਾਬ
ਇਸ ਮਾਮਲੇ ਵਿਚ ਐਮਾਜ਼ੋਨ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੇ ਵਿਕਰੇਤਾਵਾਂ ਨੂੰ ਕੰਪਨੀ ਦੀਆਂ ਗਾਈਡਲਾਈਂਸ ‘ਤੇ ਧਿਆਨ ਰੱਖਣਾ ਚਾਹੀਦਾ ਹੈ। ਜਿਹੜੇ ਵਿਕਰੇਤਾ ਅਜਿਹਾ ਨਹੀਂ ਕਰਦੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਵੈਬਸਾਈਟ ‘ਤੋਂ ਉਨ੍ਹਾਂ ਦਾ ਖਾਤਾ ਵੀ ਹਟਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਿਹਾ ਕਿ ਜਿਹੜੇ ਉਤਪਾਦਾਂ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਸਟੋਰ ਤੋਂ ਹਟਾਇਆ ਜਾ ਰਿਹਾ ਹੈ।
ਸਾਲ 2017 ਵਿਚ ਵੀ ਐਮਾਜ਼ੋਨ ਦੇ ਖਿਲਾਫ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਫੁੱਟਵੇਅਰ ਵੇਚਣ ਦੀ ਸ਼ਿਕਾਇਤ ਮਿਲੀ ਸੀ। ਕੈਨੇਡਾ ‘ਚ ਤਿਰੰਗੇ ਦੀ ਤਸਵੀਰ ਵਾਲੇ ਡੋਰਮੈਟ ਵਿਕਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।