ਕਪੂਰਥਲਾ — ਕਹਿੰਦੇ ਨੇ ਗੁਲਾਬੀ ਰੰਗ ਔਰਤਾਂ ਨੂੰ ਆਪਣੇ ਵੱਲ ਖਿੱਚਦਾ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਵੋਟ ਕੇਂਦਰਾਂ ਤੱਕ ਵੋਟ ਪਾਉਣ ਵਾਸਤੇ ਉਤਸ਼ਾਹਤ ਕਰਨ ਲਈ ਪਿੰਕ ਬੂਥ ਬਣਾਏ ਹਨ, ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ”ਪਿੰਕ ਪੋਲਿੰਗ ਸਟੇਸ਼ਨ”। ਗੁਲਾਬੀ ਪੋਲਿੰਗ ਕੇਂਦਰ ‘ਚ ਤਾਇਨਾਤ ਚੋਣ ਅਧਿਕਾਰੀ ਤੋਂ ਲੈ ਕੇ ਸੁਰੱਖਿਆ ਅਧਿਕਾਰੀ ਤੱਕ ਸਿਰਫ ਔਰਤਾਂ ਹੁੰਦੀਆਂ ਹਨ। ਇਹ ਬੂਥ ਬਣਾਏ ਤਾਂ ਔਰਤਾਂ ਵਾਸਤੇ ਗਏ ਹਨ ਪਰ ਪੁਰਸ਼ ਵੀ ਇਥੇ ਆ ਕੇ ਵੋਟਾਂ ਪਾ ਸਕਦੇ ਹਨ। ਇਨ੍ਹਾਂ ਬੂਥਾਂ ਨੂੰ ਬਣਾਉਣ ਲਈ ਵਰਤੋਂ ‘ਚ ਲਿਆਂਦਾ ਗਿਆ ਕਪੜਾ, ਟੇਬਲ ਕਲਾਥ, ਗੁਬਾਰੇ ਤੋਂ ਲੈ ਕੇ ਹਰ ਕੁਝ ਗੁਲਾਬੀ ਰੰਗ ਦਾ ਹੁੰਦਾ ਹੈ। ਬੱਚਿਆਂ ਦੇ ਖੇਡਣ ਲਈ ਜਗ੍ਹਾ ਵੀ ਬਣਾਈ ਹੈ, ਜੋਕਿ ਗੁਲਾਬੀ ਰੰਗ ਦੀ ਹੀ ਹੈ। ਪਿੰਕ ਬੂਥ ਨੂੰ ਮਹਿਲਾ ਸ਼ਕਸ਼ਤੀਕਰਨ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਅਜਿਹੇ ਬੂਥਾਂ ਨਾਲ ਮਹਿਲਾਵਾਂ ਦਾ ਵੋਟ ਪ੍ਰਤੀ ਉਤਸ਼ਾਹ ਵੱਧਦਾ ਹੈ। ਭਾਰਤ ‘ਚ ਪਹਿਲੀ ਵਾਰ 2015 ‘ਚ ਗੁਲਾਬੀ ਬੂਥ ਦੀ ਸ਼ੁਰੂਆਤ ਸਾਬਕਾ ਚੋਣ ਕਮਿਸ਼ਨ ਮੁਖੀ ਨਸੀਮ ਜੈਦੀ ਨੇ ਕੀਤੀ ਸੀ। ਸਾਲ 2015 ‘ਚ ਬਿਹਾਰ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਇਸ ਦੀ ਵਰਤੋਂ ਹੋਈ ਸੀ। ਲੋਕ ਸਭਾ ਚੋਣਾਂ ‘ਚ ਕਪੂਰਥਲਾ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਚਾਰ ਗੁਲਾਬੀ ਬੂਥ ਬਣਾਏ ਗਏ ਹਨ।