ਨਵੀਂ ਦਿੱਲੀ — ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਬਾਲ ਅਧਿਕਾਰ ਵਰਕਰ ਕੈਲਾਸ਼ ਸੱਤਿਆਰਥੀ ਨੇ ਨੱਥੂਰਾਮ ਗੋਡਸੇ ਨੂੰ ‘ਦੇਸ਼ ਭਗਤ’ ਦੱਸਣ ਵਾਲੀ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੱਗਿਆ ਨੇ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਕਹਿ ਕੇ ਮਹਾਤਮਾ ਗਾਂਧੀ ਦੀ ਆਤਮਾ ਦਾ ਕਤਲ ਕੀਤਾ ਹੈ। ਭਾਜਪਾ ਨੂੰ ਪ੍ਰੱਗਿਆ ਨੂੰ ਤੁਰੰਤ ਬਾਹਰ ਕੱਢ ਕੇ ਰਾਜ ਧਰਮ ਨਿਭਾਉਣਾ ਚਾਹੀਦਾ ਹੈ। ਸੱਤਿਆਰਥੀ ਨੇ ਟਵੀਟ ਕੀਤਾ, ”ਗੋਡਸੇ ਨੇ ਗਾਂਧੀ ਦੇ ਸਰੀਰ ਦਾ ਕਤਲ ਕੀਤਾ ਸੀ ਪਰ ਪ੍ਰੱਗਿਆ ਵਰਗੇ ਲੋਕ ਉਨ੍ਹਾਂ ਦੀ ਆਤਮਾ ਦਾ ਕਤਲ ਕਰਨ ਦੇ ਨਾਲ, ਅਹਿੰਸਾ, ਸ਼ਾਂਤੀ, ਸਹਿਣਸ਼ੀਲਤਾ ਅਤੇ ਭਾਰਤ ਦੀ ਆਤਮ ਦਾ ਕਤਲ ਕਰ ਰਹੇ ਹਨ।” ਉਨ੍ਹਾਂ ਨੇ ਅੱਗੇ ਕਿਹਾ, ”ਗਾਂਧੀ ਹਰ ਸੱਤਾ ਅਤੇ ਰਾਜਨੀਤੀ ਤੋਂ ਉੱਪਰ ਹਨ।”
ਜ਼ਿਕਰਯੋਗ ਹੈ ਕਿ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਕੁਝ ਦਿਨ ਪਹਿਲਾਂ ਇਕ ਸਵਾਲ ਦੇ ਜਵਾਬ ‘ਚ ਕਿਹਾ ਸੀ ਕਿ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਸਭ ਤੋਂ ਵੱਡੇ ਦੇਸ਼ ਭਗਤ ਸਨ ਅਤੇ ਜੋ ਲੋਕ ਉਨ੍ਹਾਂ ਨੂੰ ਅੱਤਵਾਦੀ ਕਹਿੰਦੇ ਹਨ, ਉਹ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਹਾਲਾਂਕਿ ਉਨ੍ਹਾਂ ਦੇ ਇਸ ਬਿਆਨ ਤੋਂ ਭਾਜਪਾ ਨੇ ਪੱਲਾ ਝਾੜ ਲਿਆ ਸੀ ਅਤੇ ਵਿਵਾਦ ਵਧਦਾ ਦੇਖ ਕੇ ਪ੍ਰੱਗਿਆ ਨੇ ਆਪਣੇ ਬਿਆਨ ‘ਤੇ ਮੁਆਫ਼ੀ ਮੰਗ ਲਈ ਹੈ।