ਮੈਲਬੌਰਨ – ਭਾਰਤ ਵਿਚ ਜਿੱਥੇ ਪ੍ਰਧਾਨ ਮੰਤਰੀ ਦੀ ਚੋਣ ਲਈ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਉਥੇ ਆਸਟ੍ਰੇਲੀਆ ਵਿਚ ਵੀ ਅੱਜ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਅੱਜ ਆਮ ਚੋਣਾਂ ਹੋਈਆਂ। ਅੱਜ ਸ਼ਾਮ ਤੱਕ ਇਹਨਾਂ ਚੋਣਾਂ ਦੇ ਨਤੀਜੇ ਆ ਜਾਣ ਦੀ ਉਮੀਦ ਹੈ।
ਆਸਟ੍ਰੇਲੀਆ ਵਿਚ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੀ ਲਿਬਲਰ-ਨੈਸ਼ਨਲ ਗਠਜੋੜ ਅਤੇ ਬਿੱਲ ਸ਼ਾਰਟਨ ਦੀ ਆਸਟ੍ਰੇਲੀਅਨ ਲੇਬਰ ਪਾਰਟੀ ਵਿਚਾਲੇ ਫਸਵੀਂ ਟੱਕਰ ਹੈ। ਜਦਕਿ ਗ੍ਰੀਨ ਪਾਰਟੀ ਵੀ ਤੀਸਰੀ ਧਿਰ ਵਜੋਂ ਆਪਣੀ ਕਿਸਮਤ ਅਜਮਾ ਰਹੀ ਹੈ।
ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਤਕਰੀਬਨ 17 ਮਿਲੀਅਨ ਵੋਟਰ ਹਨ, ਹਰੇਕ ਵੋਟਰ ਲਈ ਆਪਣੀ ਵੋਟ ਪਾਉਣੀ ਲਾਜ਼ਮੀ ਹੈ, ਨਹੀਂ ਤਾਂ ਉਹਨਾਂ ਨੂੰ ਜੁਰਮਾਨਾ ਵੀ ਲੱਗ ਸਕਦਾ ਹੈ। ਇਸ ਦੌਰਾਨ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਤੇ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ।
ਖਾਸ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿਚ ਪੰਜਾਬੀਆਂ ਦੀ ਵੀ ਵੱਡੀ ਅਹਿਮੀਅਤ ਹੈ। ਇਥੇ ਨਾ ਕੇਵਲ ਵੱਡੀ ਗਿਣਤੀ ਵਿਚ ਪੰਜਾਬੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ, ਬਲਕਿ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪੰਜਾਬੀ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ।
ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ 151 ਸੰਸਦੀ ਸੀਟਾਂ ਉਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਸੱਤਾ ਹਾਸਿਲ ਕਰਨ ਲਈ ਕਿਸੇ ਵੀ ਪਾਰਟੀ ਨੂੰ 76 ਸੀਟਾਂ ਦੀ ਲੋੜ ਹੈ।