ਮਿਰਜਾਪੁਰ— ਲੋਕ ਸਭਾ ਚੋਣਾਂ 2019 ਲਈ ਪ੍ਰਚਾਰ ਦੇ ਆਖਰੀ ਦਿਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਹਮਲਾ ਬੋਲਿਆ। ਪ੍ਰਿਯੰਕਾ ਨੇ ਮਿਰਜਾਪੁਰ ਤੋਂ ਰੈਲੀ ਦੌਰਾਨ ਪੀ.ਐੱਮ. ਮੋਦੀ ਨੂੰ ਅਭਿਨੇਤਾ ਦੱਸਿਆ। ਇਹੀ ਨਹੀਂ ਉਨ੍ਹਾਂ ਨੇ ਮੋਦੀ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਸ ਨਾਲੋਂ ਚੰਗਾ ਤਾਂ ਅਮਿਤਾਭ ਨੂੰ ਹੀ ਪੀ.ਐੱਮ. ਬਣਾ ਦਿੰਦੇ। ਪ੍ਰਿਯੰਕਾ ਦੀ ਰੈਲੀ ‘ਚ ਓਮ ਪ੍ਰਕਾਸ਼ ਰਾਜਭਰ ਦੀ ਪਾਰਟੀ ਦੇ ਸਮਰਥਕ ਵੀ ਦਿਖਾਈ ਦਿੱਤੇ ਜੋ ਰਾਜਭਰ ਦੀ ਪਾਰਟੀ ਦਾ ਝੰਡੇ ਫੜੇ ਹੋਏ ਸਨ। ਪ੍ਰਿਯੰਕਾ ਨੇ ਕਿਹਾ,”ਮੋਦੀ ਜੀ ਨੇਤਾ ਨਹੀਂ ਅਭਿਨੇਤਾ ਹਨ। ਹੁਣ ਤੁਸੀਂ ਸਮਝ ਲਵੋ ਕਿ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਅਭਿਨੇਤਾ ਨੂੰ ਆਪਣਾ ਪੀ.ਐੱਮ. ਬਣਾ ਦਿੱਤਾ ਹੈ। ਇਸ ਨਾਲੋਂ ਤਾਂ ਤੁਸੀਂ ਅਮਿਤਾਭ ਬੱਚਨ ਨੂੰ ਹੀ ਬਣਾ ਦਿੰਦੇ, ਕਰਨਾ ਤਾਂ ਕਿਸੇ ਨੇ ਕੁਝ ਨਹੀਂ ਸੀ ਤੁਹਾਡੇ ਲਈ।”

5 ਸਾਲ ਹੋਰ ਫਿਲਮ ਦੇਖਣੀ ਪਵੇਗੀ

ਪ੍ਰਿਯੰਕਾ ਨੇ ਅੱਗੇ ਕਿਹਾ,”ਜੇਕਰ ਮੋਦੀ ਫਿਰ ਪੀ.ਐੱਮ. ਬਣੇ ਤਾਂ 5 ਸਾਲ ਹੋਰ ਫਿਲਮ ਹੀ ਦੇਖਣੀ ਪਵੇਗੀ, ਇਸ ਲਈ ਤੈਅ ਕਰ ਲਵੋ ਕਿ ਕਿਸ ਨੂੰ ਵੋਟ ਕਰਨੀ ਹੈ। ਜ਼ਮੀਨ ‘ਤੇ ਕੰਮ ਕਰਨ ਵਾਲੇ ਨੇਤਾ ਜਾਂ ਹਵਾ ‘ਚ ਉੱਡਣ ਵਾਲੇ ਨੂੰ। ਮੋਦੀ ਹਰ ਚੋਣਾਂ ‘ਚ ਨਵੀਂ ਕਹਾਣੀ ਬਣਾਉਂਦੇ ਹਨ। ਪਹਿਲਾਂ ਕਹਾਣੀ ਬਣਾਈ ਕਿ 15 ਲੱਖ ਰੁਪਏ ਹਰ ਕਿਸੇ ਦੇ ਖਾਤੇ ‘ਚ ਜਾਣਗੇ ਪਰ ਉਹ ਨਹੀਂ ਹੋਇਆ ਤਾਂ ਫਿਰ ਨਵੀਂ ਕਹਾਣੀ ਬਣਾਈ। ਇਸ ਵਾਰ ਕਿਸਾਨਾਂ ਲਈ ਨਵੀਂ ਕਹਾਣੀ ਬਣਾਈ ਅਤੇ ਕਿਹਾ ਕਿ ਕਿਸਾਨ ਸਨਮਾਨ ਯੋਜਨਾ ਲਿਆਏ ਹਾਂ।”

ਪਰਿਵਾਰ ਦੇ ਹਰੇਕ ਮੈਂਬਰ ਨੂੰ ਇਕ ਰੁਪਏ ਦੇ ਰਹੀ ਇਹ ਯੋਜਨਾ

ਪ੍ਰਿਯੰਕਾ ਨੇ ਕਿਹਾ,”ਇਹ ਕਿਸਾਨ ਸਨਮਾਨ ਨਹੀਂ ਕਿਸਾਨ ਅਪਮਾਨ ਯੋਜਨਾ ਹੈ। ਉਨ੍ਹਾਂ ਦੀ ਇਸ ਯੋਜਨਾ ਦੇ ਅਧੀਨ ਜੋ ਕਿਸਾਨਾਂ ਨੂੰ 2 ਹਜ਼ਾਰ ਰੁਪਏ ਪਿਛਲੇ ਦਿਨੀਂ ਦਿੱਤੇ ਗਏ, ਉਹ ਹੁਣ ਵਾਪਸ ਲੈਣੇ ਵੀ ਸ਼ੁਰੂ ਕਰ ਦਿੱਤੇ ਹਨ।” ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ‘ਚ 10 ਲੋਕ ਹਨ ਤਾਂ ਪੀ.ਐੱਮ.ਦੀ ਯੋਜਨਾ ਪਰਿਵਾਰ ਦੇ ਹਰੇਕ ਮੈਂਬਰ ਨੂੰ ਇਕ ਰੁਪਏ ਦੇ ਰਹੀ ਹੈ।

ਰੈਲੀ ਤੋਂ ਪਹਿਲਾਂ ਕੀਤਾ ਸੀ ਰੋਡ ਸ਼ੋਅ

ਇਹੀ ਨਹੀਂ ਪ੍ਰਿਯੰਕਾ ਨੇ ਮੋਦੀ ਦੀ ਨਕਲ ਉਤਾਰਦੇ ਹੋਏ ਕਿਹਾ,”ਕੱਲ ਉਹ ਮਿਰਜਾਪੁਰ ਆਏ ਸਨ ਅਤੇ ਕਹਿ ਰਹੇ ਸਨ ਭਈਆ ਸੁਪਨੇ ਦੇਖਣਾ ਬੁਰੀ ਗੱਲ ਨਹੀਂ ਹੈ।” ਪ੍ਰਿਯੰਕਾ ਨੇ ਅੱਗੇ ਕਿਹਾ ਪਰ ਝੂਠੇ ਸੁਪਨੇ ਦਿਖਾਉਣਾ ਬਹੁਤ ਬੁਰੀ ਗੱਲ ਹੈ। ਇਹ ਚੋਣਾਂ ਅਸੀਂ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਨੂੰ ਜ਼ਿੰਮੇਵਾਰੀ ਨਾਲ ਵੋਟ ਜ਼ਰੂਰ ਦੇਣਾ ਚਾਹੀਦਾ। ਪ੍ਰਿਯੰਕਾ ਨੇ ਰੈਲੀ ਤੋਂ ਪਹਿਲਾਂ ਰੋਡ ਸ਼ੋਅ ਵੀ ਕੀਤਾ ਸੀ।