ਰਾਜਸਥਾਨ— ਜੋਧਪੁਰ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਤੋਂ ਅਲਵਰ ‘ਚ ਹੋਏ ਸਮੂਹਕ ਬਲਾਤਕਾਰ ਮਾਮਲੇ ‘ਚ ਜਵਾਬ ਮੰਗਿਆ ਹੈ। ਇਸ ਘਟਨਾ ਦੇ ਬਾਅਦ ਤੋਂ ਹੀ ਰਾਜਸਥਾਨ ‘ਚ ਚੋਣਾਵੀ ਮਾਹੌਲ ਗਰਮ ਹੈ। ਵਿਰੋਧੀ ਪਾਰਟੀ ਭਾਜਪਾ ਨੇ ਕਾਂਗਰਸ ਸਰਕਾਰ ‘ਤੇ ਇਸ ਨੂੰ ਚੋਣ ਦੇ ਮੱਦੇਨਜ਼ਰ ਦਬਾਉਣ ਦਾ ਦੋਸ਼ ਲਗਾਇਆ ਹੈ। ਉੱਥੇ ਹੀ ਕਾਂਗਰਸ ਦਾ ਕਹਿਣਾ ਹੈ ਕਿ ਇਸ ਦਾ ਸਿਆਸੀਕਰਨ ਕਰਨਾ ਗਲਤ ਹੈ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਕਿਰੋੜੀ ਲਾਲ ਮੀਣਾ ਨੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਲਈ ਪ੍ਰਦਰਸ਼ਨ ਕੀਤਾ ਸੀ।
6 ਦੋਸ਼ੀ ਹੋ ਚੁਕੇ ਹਨ ਗ੍ਰਿਫਤਾਰ
ਘਟਨਾ ਦੇ ਸਾਰੇ 6 ਦੋਸ਼ੀਆਂ ਨੂੰ ਪੁਲਸ ਗ੍ਰਿਫਤਾਰ ਕਰ ਚੁਕੀ ਹੈ। 5 ਦੋਸ਼ੀਆਂ ਨੇ 26 ਅਪ੍ਰੈਲ ਨੂੰ ਦਲਿਤ ਔਰਤ ਨਾਲ ਉਸ ਦੇ ਪਤੀ ਦੇ ਸਾਹਮਣੇ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਘਟਨਾ ਦਾ ਵੀਡੀਓ ਬਣਾਇਆ ਸੀ। ਇਸ ਦੌਰਾਨ ਦੋਸ਼ੀਆਂ ਨੇ ਔਰਤ ਦੇ ਪਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। 6ਵੇਂ ਦੋਸ਼ੀ ਨੂੰ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਰਾਹੁਲ ਨੇ ਕੀਤੀ ਸੀ ਗੈਂਗਰੇਪ ਪੀੜਤਾ ਨਾਲ ਮੁਲਾਕਾਤ
ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗੈਂਗਰੇਪ ਪੀੜਤਾ ਨਾਲ ਮੁਲਾਕਾਤ ਕੀਤੀ। ਪੀੜਤਾ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਉਨ੍ਹਾਂ ਲਈ ਸਿਆਸੀ ਨਹੀਂ ਹੈ। ਰਾਹੁਲ ਨੇ ਪੀੜਤਾ ਨੂੰ ਜਲਦ ਇਨਸਾਫ਼ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ,”ਜਿਵੇਂ ਹੀ ਘਟਨਾ ਬਾਰੇ ਸੁਣਿਆ, ਮੈਂ ਅਸ਼ੋਕ ਗਹਿਲੋਤ ਜੀ ਨਾਲ ਗੱਲ ਕੀਤੀ। ਮੇਰੇ ਲਈ ਸਿਆਸੀ ਮੁੱਦਾ ਨਹੀਂ ਹੈ। ਮੈਂ ਪੀੜਤ ਪਰਿਵਾਰ ਨੂੰ ਮਿਲਿਆ। ਉਨ੍ਹਾਂ ਨੇ ਇਨਸਾਫ਼ ਦੀ ਗੱਲ ਕਹੀ ਹੈ ਜੋ ਹੋ ਕੇ ਰਹੇਗਾ। ਗੁਨਾਹਗਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।” ਰਾਹੁਲ ਨੇ ਔਰਤ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ ਹੈ, ਜਦੋਂ ਰਾਜ ਸਰਕਾਰ ਨੂੰ ਭਾਜਪਾ ਇਸ ਮਾਮਲੇ ਨੂੰ ਲੈ ਕੇ ਘੇਰ ਰਹੀ ਹੈ। ਦੋਸ਼ ਹੈ ਕਿ ਜਦੋਂ ਪੀੜਤਾ, ਪੁਲਸ ਕੋਲ ਸ਼ਿਕਾਇਤ ਲੈ ਕੇ ਪਹੁੰਚੀ ਤਾਂ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ ਗਿਆ ਕਿ ਅਜੇ ਚੋਣਾਂ ਹਨ। ਰਾਜਸਥਾਨ ਸਰਕਾਰ ਨੇ ਐੱਫ.ਆਈ.ਆਰ. ਦਰਜ ਕਰਨ ‘ਚ ਦੇਰੀ ਕੀਤੀ।