ਅਸਲ ਜ਼ਿੰਦਗੀ ਹੋਵੇ ਜਾਂ ਫ਼ਿਲਮੀ, ਮਾਂ ਦਾ ਕਿਰਦਾਰ ਦੋਹਾਂ ਵਿੱਚ ਹੀ ਬਹੁਤ ਅਹਿਮੀਅਤ ਰੱਖਦਾ ਹੈ। ਕੁਝ ਅਭਿਨੇਤਰੀਆਂ ਨੇ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ
ਮਾਂ ਦਾ ਕਿਰਦਾਰ
ਫ਼ਿਲਮਾਂ ਦੀ ਕਹਾਣੀ ‘ਚ ਮਾਂ ਦਾ ਕਿਰਦਾਰ ਹਮੇਸ਼ਾ ਮਹੱਤਵਪੂਰਨ ਰਿਹਾ ਹੈ। ਸਮੇਂ ਨਾਲ ਜਿਸ ਤਰ੍ਹਾਂ ਫ਼ਿਲਮਾਂ ਦੇ ਵਿਸ਼ਿਆਂ ‘ਚ ਤਬਦੀਲੀ ਆਈ ਹੈ, ਉਸੇ ਤਰ੍ਹਾਂ ਮਾਂ ਦੇ ਕਿਰਦਾਰ ਵਿੱਚ ਵੀ ਕੁਝ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ, ਪਰ ਇਨ੍ਹਾਂ ਕਿਰਦਾਰਾਂ ‘ਚ ਭਾਵੁਕਤਾ ਅੱਜ ਵੀ ਪਹਿਲਾਂ ਵਾਲੀ ਹੈ। ਕੁਝ ਅਭਿਨੇਤਰੀਆਂ ਨੇ ਇਹ ਕਿਰਦਾਰ ਇੰਨੀ ਸੰਜੀਦਗੀ ਅਤੇ ਭਾਵੁਕਤਾ ਨਾਲ ਨਿਭਾਇਆ ਕਿ ਉਹ ਸਿਨੇਮਾ ਪ੍ਰੇਮੀਆਂ ਦੇ ਦਿਮਾਗ਼ ‘ਚ ਲੰਬੇ ਸਮੇਂ ਲਈ ਘਰ ਕਰ ਗਈਆਂ …
ਵਰਿੰਦਰ ਆਜ਼ਾਦ
ਮਾਂ ਲਫ਼ਜ਼ ਬਹੁਤ ਹੀ ਪਿਆਰਾ, ਪਵਿੱਤਰ ਅਤੇ ਮਹਾਨ ਹੈ। ਇਸ ਲਫ਼ਜ਼ ਨਾਲ ਹੀ ਇਨਸਾਨ ਦਾ ਵਜੂਦ ਜੁੜਿਆ ਹੋਇਆ ਹੈ। ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਹਰ ਮਾਂ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ। ਇਹੀ ਵਜ੍ਹਾ ਹੈ ਕਿ ਮਾਂ ਦਾ ਕਿਰਦਾਰ ਭਾਵੇਂ ਅਸਲ ਜ਼ਿੰਦਗੀ ‘ਚ ਹੋਵੇ ਜਾਂ ਫ਼ਿਲਮੀ ਦੁਨੀਆ ‘ਚ ਹਮੇਸ਼ਾ ਭਾਵੁਕਤਾ ਅਤੇ ਮਮਤਾ ਭਰਿਆ ਰਿਹਾ ਹੈ। ਬੌਲੀਵੁਡ ਇੰਡਸਟਰੀ ‘ਚ ਕੁਝ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਇੰਨੇ ਵਧੀਆ ਢੰਗ ਨਾਲ ਨਿਭਾਇਆ ਹੈ ਕਿ ਉਹ ਯਾਦਗਾਰੀ ਕਿਰਾਦਰਾਂ ‘ਚ ਸ਼ਾਮਿਲ ਹੋ ਗਿਆ। ਭਾਵੇਂ ਇਨ੍ਹਾਂ ਅਭਿਨੇਤਰੀਆਂ ਨੇ ਚੜ੍ਹਦੀ ਉਮਰੇ ਫ਼ਿਲਮਾਂ ‘ਚ ਰੁਮੈਂਟਿਕ ਹੀਰੋਇਨਾਂ ਵਜੋਂ ਆਪਣੀ ਪਛਾਣ ਕਾਇਮ ਕੀਤੀ, ਪਰ ਫ਼ਿਰ ਢਲਦੀ ਉਮਰ ਦੇ ਨਾਲ ਉਨ੍ਹਾਂ ਨੇ ਮਾਂ ਦਾ ਕਿਰਦਾਰ ਵੀ ਬਾਖ਼ੂਬੀ ਨਿਭਾਇਆ। ਇਨ੍ਹਾਂ ਅਭਿਨੇਤਰੀਆਂ ‘ਚ ਨਿਰੂਪਾ ਰਾਏ, ਰਾਖੀ ਗ਼ੁਲਜ਼ਾਰ, ਦੀਨਾ ਪਾਠਕ, ਮੌਸਮੀ ਚੈਟਰਜੀ, ਲਲਿਤਾ ਪਵਾਰ, ਰੀਮਾ ਲਾਗੂ, ਸ਼ਬਾਨਾ ਆਜ਼ਮੀ, ਹੇਮਾ ਮਾਲਿਨੀ, ਰੀਟਾ ਭਾਦੁਰੀ, ਜਯਾ ਬੱਚਨ, ਸ਼ਰਮੀਲਾ ਟੈਗੋਰ, ਰੇਖਾ, ਅੰਜੂ ਮਹੇਂਦਰੂ, ਮਾਲਾ ਸਿਨਹਾ, ਜ਼ਰੀਨਾ ਵਹਾਬ, ਫ਼ਰੀਦਾ ਜਲਾਲ ਆਦਿ ਪ੍ਰਮੁੱਖ ਹਨ। ਇਨ੍ਹਾਂ ਵਿੱਚੋਂ ਕੁਝ ਅਭਿਨੇਤਰੀ ਦੀ ਚਰਚਾ ਅਸੀਂ ਲੰਘੇ ਮਦਰਜ਼ ਡੇਅ (12 ਮਈ) ਨੂੰ ਸਮਰਪਿਤ ਹੋ ਕੇ ਕਰ ਰਹੇ ਹਾਂ।
ਨਿਰੂਪਾ ਰਾਏ
4 ਜਨਵਰੀ 1931 ਨੂੰ ਗੁਜਰਾਤ ‘ਚ ਜਨਮੀ ਅਭਿਨੇਤਰੀ ਨਿਰੂਪਾ ਰਾਏ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਹਰ ਤਰ੍ਹਾਂ ਦੇ ਕਿਰਦਾਰ ਬਾਖ਼ੂਬੀ ਨਿਭਾਏ, ਪਰ ਉਸ ਵਲੋਂ ਨਿਭਾਏ ਗਏ ਮਾਂ ਦੇ ਕਿਰਦਾਰ ਅੱਜ ਵੀ ਸਰੋਤਿਆਂ ਦੇ ਦਿਲੋ-ਦਿਮਾਗ਼ ‘ਚ ਵੱਸੇ ਹੋਏ ਹਨ। 1970-80 ਦੇ ਦਹਾਕੇ ਦੌਰਾਨ ਉਸ ਨੇ ਜ਼ਿਆਦਾਤਰ ਹਿੰਦੀ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਨਿਭਾਇਆ। ਕ੍ਰਾਂਤੀ, ਸੁਹਾਗ, ਦੀਵਾਰ, ਰੋਟੀ, ਅਮਰ ਅਕਬਰ ਐਂਥਨੀ, ਬੇਤਾਬ, ਆਦਿ ਫ਼ਿਲਮਾਂ ‘ਚ ਉਸ ਵਲੋਂ ਨਿਭਾਏ ਗਏ ਮਾਂ ਦੇ ਕਿਰਦਾਰ ਕਾਫ਼ੀ ਦਮਦਾਰ ਸਨ। ਆਪਣੇ 50 ਸਾਲ ਦੇ ਫ਼ਿਲਮੀ ਕਰੀਅਰ ਦੌਰਾਨ ਨਿਰੂਪਾ ਰਾਏ ਨੇ 275 ਦੇ ਕਰੀਬ ਫ਼ਿਲਮਾਂ ‘ਚ ਕੰਮ ਕੀਤਾ। ਇਹ ਅਭਿਨੇਤਰੀ 13 ਅਕਤੂਬਰ 2004 ਨੂੰ ਇਸ ਸੰਸਾਰ ਅਤੇ ਸਿਨੇਮਾ ਪ੍ਰੇਮੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ। ਚੰਗੀ ਅਦਾਕਾਰੀ ਲਈ ਨਿਰੂਪਾ ਰਾਏ ਨੂੰ ਕਈ ਮਾਨ-ਸਨਮਾਨ ਵੀ ਮਿਲੇ।
ਫ਼ਰੀਦਾ ਜਲਾਲ
ਫ਼ਰੀਦਾ ਜਲਾਲ ਨੇ ਨਿੱਕੀ ਉਮਰੇ ਹੀ ਫ਼ਿਲਮੀ ਦੁਨੀਆ ‘ਚ ਕਦਮ ਰੱਖ ਦਿੱਤਾ ਸੀ। ਉਸ ਨੇ ਅਦਾਕਾਰੀ ਦੇ ਸਫ਼ਰ ਦੌਰਾਨ ਹਿੰਦੀ, ਤੇਲਗੂ, ਤਮਿਲ ਭਾਸ਼ਾਵਾਂ ਦੀਆਂ ਫ਼ਿਲਮਾਂ ‘ਚ ਕੰਮ ਕੀਤਾ। ਲਗਭਗ 200 ਫ਼ਿਲਮਾਂ ‘ਚ ਅਦਾਕਾਰੀ ਦਿਖਾ ਚੁੱਕੀ ਇਸ ਅਭਿਨੇਤਰੀ ਦਾ ਜਨਮ 14 ਮਾਰਚ 1949 ਨੂੰ ਦਿੱਲੀ ਵਿੱਚ ਹੋਇਆ ਸੀ। ਹੁਣ ਤਕ ਫ਼ਿਲਮੀ ਪਰਦੇ ਤੋਂ ਇਲਾਵਾ ਫ਼ਰੀਦਾ ਜਲਾਲ ਛੋਟੇ ਪਰਦੇ ‘ਤੇ ਵੀ ਅਦਾਕਾਰੀ ਵਿਖਾ ਚੁੱਕੀ ਹੈ। ਚੰਗੀ ਅਦਾਕਾਰੀ ਲਈ ਉਸ ਨੂੰ ਕਈ ਫ਼ਿਲਮਾਂ ‘ਚ ਬੈੱਸਟ ਸਹਾਇਕ ਅਭਿਨੇਤਰੀ ਦੇ ਐਵਾਰਡ ਵੀ ਮਿਲੇ। ਇਸ ਅਭਿਨੇਤਰੀ ਨੇ ਕੁਝ ਹਿੰਦੀ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਨਿਭਾਉਾਂਦਿਆਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਦਿਲ ਵਾਲੇ ਦੁਲਹਨੀਆ ਲੇ ਜਾਏਂਗੇ, ਲਾਡਲਾ, ਜ਼ਿੱਦੀ, ਕੁਛ ਕੁਛ ਹੋਤਾ ਹੈ, ਆਦਿ ਫ਼ਿਲਮਾਂ ‘ਚ ਉਸ ਨੇ ਬਿਹਤਰੀਨ ਢੰਗ ਨਾਲ ਮਾਂ ਦੇ ਕਿਰਦਾਰ ਨਿਭਾਏ। ਦਿਲ ਵਾਲੇ ਦੁਲਹਨੀਆ ਲੇ ਜਾਏਂਗੇ ਲਈ ਫ਼ਰੀਦਾ ਜਲਾਲ ਨੂੰ ਫ਼ਿਲਮਫ਼ੇਅਰ ਐਵਾਰਡ ਵੀ ਮਿਲਿਆ ਸੀ।
ਨੂਤਨ
4 ਜੂਨ 1936 ਨੂੰ ਫ਼ਿਲਮ ਨਗਰੀ ਮੁੰਬਈ ‘ਚ ਜਨਮੀ ਨੂਤਨ ਨੇ ਸੰਜੀਦਾ ਅਦਾਕਾਰੀ ਸਦਕਾ ਬੌਲੀਵੁਡ ਇੰਡਸਟਰੀ ‘ਚ ਆਪਣੀ ਗਹਿਰੀ ਛਾਪ ਛੱਡੀ। ਫ਼ਿਲਮ ਮਿਲਨ (1967) ‘ਚ ਉਸ ਨੇ ਸੁਨੀਲ ਦੱਤ ਨਾਲ ਕੰਮ ਕਰਦਿਆਂ ਦਮਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਵੱਖ-ਵੱਖ ਫ਼ਿਲਮਾਂ ‘ਚ ਸੰਜੀਦਾ ਅਤੇ ਰੁਮੈਂਟਿਕ ਕਿਰਦਾਰ ਨਿਭਾਉਣ ਵਾਲੀ ਇਸ ਅਭਿਨੇਤਰੀ ਨੇ ਕੁਝ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਵੀ ਸ਼ਾਨਦਾਰ ਢੰਗ ਨਾਲ ਨਿਭਾਇਆ। ਫ਼ਿਲਮ ਨਾਮ ‘ਚ ਨੂਤਨ ਨੇ ਸੰਜੇ ਦੱਤ ਅਤੇ ਕੁਮਾਰ ਗੌਰਵ ਦੀ ਮਾਂ ਦਾ ਯਾਦਗਾਰੀ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਫ਼ਿਲਮ ਕਰਮਾ ਅਤੇ ਮੇਰੀ ਜੰਗ ਵਿੱਚ ਵੀ ਉਸ ਵਲੋਂ ਨਿਭਾਏ ਗਏ ਮਾਂ ਦੇ ਕਿਰਦਾਰ ਕਾਬਲੇ-ਤਾਰੀਫ਼ ਸਨ। 21 ਫ਼ਰਵਰੀ 1991 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੀ ਇਸ ਅਭਿਨੇਤਰੀ ਨੂੰ 1974 ਵਿੱਚ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਨੂੰ ਕਈ ਫ਼ਿਲਮਾਂ ਲਈ ਬੈੱਸਟ ਐਕਟਰਸ ਦਾ ਐਵਾਰਡ ਵੀ ਮਿਲਿਆ।
ਦੀਨਾ ਪਾਠਕ
ਰੰਗਮੰਚ ਅਤੇ ਫ਼ਿਲਮੀ ਪਰਦੇ ‘ਤੇ ਲਾਮਿਸਾਲ ਅਦਾਕਾਰੀ ਦਿਖਾਉਣ ਵਾਲੀ ਅਭਿਨੇਤਰੀ ਦੀਨਾ ਪਾਠਕ ਨੇ ਕਰੀਬ 60 ਸਾਲ ਦੇ ਆਪਣੇ ਫ਼ਿਲਮੀ ਕਰੀਅਰ ਦੌਰਾਨ 120 ਤੋਂ ਵੱਧ ਫ਼ਿਲਮਾਂ ਕੀਤੀਆਂ। ਉਹ ਆਪਣੇ ਦੌਰ ਦੀਆਂ ਸਭ ਤੋਂ ਪ੍ਰਸਿੱਧ ਅਭਿਨੇਤਰੀਆਂ ‘ਚੋਂ ਇੱਕ ਸੀ। ਦੀਨਾ ਪਾਠਕ ਦਾ ਜਨਮ 4 ਮਾਰਚ 1922 ਨੂੰ ਗੁਜਰਾਤ ਵਿੱਚ ਹੋਇਆ ਸੀ, ਅਤੇ 11 ਅਕਤੂਬਰ 2002 ਨੂੰ ਉਸ ਨੇ ਮੁੰਬਈ ਵਿਖੇ ਆਖ਼ਰੀ ਸਾਹ ਲਿਆ। ਗੁਜਰਾਤ ਸਰਕਾਰ ਵਲੋਂ ਉਸ ਨੂੰ ਥੀਏਟਰ ਲਈ ਮੈਰਿਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 1980 ਵਿੱਚ ਦੀਨਾ ਪਾਠਕ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡ ਵੀ ਮਿਲਿਆ। ਖ਼ਾਨਦਾਨ (1979), ਗੋਲ ਮਾਲ (1979), ਖ਼ੂਬਸੂਰਤ (1980), ਵੋਹ 7 ਦਿਨ (1983), ਆਦਿ ਫ਼ਿਲਮਾਂ ‘ਚ ਦੀਨਾ ਪਾਠਕ ਨੇ ਮਾਂ ਦੇ ਯਾਦਗਾਰੀ ਕਿਰਦਾਰ ਨਿਭਾਏ। ਦੀਨਾ ਪਾਠਕ ਦੀ ਆਖ਼ਰੀ ਰਿਲੀਜ਼ ਹੋਣ ਵਾਲੀ ਫ਼ਿਲਮ ਪਿੰਜਰ ਸੀ।
ਰੀਮਾ ਲਾਗੂ
ਮਰਾਠੀ ਅਤੇ ਹਿੰਦੀ ਫ਼ਿਲਮਾਂ ‘ਚ ਵੱਖ-ਵੱਖ ਭੂਮਿਕਾਵਾਂ ਨਿਭਾ ਕੇ ਗਹਿਰੀ ਛਾਪ ਛੱਡਣ ਵਾਲੀ ਅਭਿਨੇਤਰੀ ਰੀਮਾ ਲਾਗੂ ਨੇ ਕਈ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਬਾਖ਼ੂਬੀ ਨਿਭਾਇਆ। 21 ਜੂਨ 1958 ਨੂੰ ਮਹਾਰਾਸ਼ਟਰ ਵਿੱਚ ਜਨਮੀ ਰੀਮਾ ਨੇ ਕਰੀਅਰ ਦੀ ਸ਼ੁਰੂਆਤ ਮਰਾਠੀ ਫ਼ਿਲਮਾਂ ਤੋਂ ਕੀਤੀ। ਹਿੰਦੀ ਫ਼ਿਲਮ ਕਿਆਮਤ ਸੇ ਕਿਆਮਤ ਤਕ (1988) ਵਿੱਚ ਉਹ ਅਭਿਨੇਤਰੀ ਜੂਹੀ ਚਾਵਲਾ ਦੀ ਮਾਂ ਦੇ ਕਿਰਦਾਰ ‘ਚ ਪਰਦੇ ‘ਤੇ ਨਜ਼ਰ ਆਈ। ਰੀਮਾ ਦੇ ਇਸ ਕਿਰਦਾਰ ਨੂੰ ਸਿਨੇਮਾ ਪ੍ਰੇਮੀਆਂ ਨੇ ਬੇਹੱਦ ਪਸੰਦ ਕੀਤਾ। ਉਸ ਤੋਂ ਬਾਅਦ ਫ਼ਿਲਮ ਮੈਨੇ ਪਿਆਰ ਕੀਆ (1989) ‘ਚ ਉਸ ਨੂੰ ਸਲਮਾਨ ਖ਼ਾਨ ਦੀ ਮਾਂ ਦੇ ਰੂਪ ‘ਚ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਰੀਮਾ ਲਾਗੂ ਦਾ ਇਹ ਕਿਰਦਾਰ ਵੀ ਯਾਦਗਾਰੀ ਸੀ। ਇਸ ਤੋਂ ਇਲਾਵਾ ਰੀਮਾ ਨੇ ਹਮ ਆਪਕੇ ਹੈਂ ਕੌਨ (1994), ਜੁੜਵਾ (1997), ਕੁਛ ਕੁਛ ਹੋਤਾ ਹੈ (1998), ਹਮ ਸਾਥ ਸਾਥ ਹੈਂ (1999), ਆਦਿ ਫ਼ਿਲਮਾਂ ‘ਚ ਵੀ ਮਾਂ ਦੇ ਕਿਰਦਾਰ ਬਾਖ਼ੂਬੀ ਨਿਭਾਏ। ਰੀਮਾ ਨੇ ਵੱਡੇ ਪਰਦੇ ਤੋਂ ਇਲਾਵਾ ਛੋਟੇ ਪਰਦੇ ‘ਤੇ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਉਸ ਦੇ ਸ਼੍ਰੀਮਾਨ ਸ਼੍ਰੀਮਤੀ, ਤੂੰ-ਤੂੰ ਮੈਂ-ਮੈਂ, ਲਾਖੋਂ ਮੇਂ ਏਕ, ਆਦਿ ਟੀਵੀ ਸੀਰੀਅਲਜ਼ ਕਾਫ਼ੀ ਚਰਚਿਤ ਰਹੇ। 18 ਮਈ 2017 ਨੂੰ ਇਹ ਮਹਾਨ ਅਭਿਨੇਤਰੀ ਆਪਣੇ ਫ਼ੈਨਜ਼ ਅਤੇ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਈ।
ਜਯਾ ਬੱਚਨ
ਅਭਿਨੇਤਰੀ ਜਯਾ ਬੱਚਨ ਨੇ ਆਪਣੀ ਪਛਾਣ ਅਦਾਕਾਰੀ ਅਤੇ ਸਿਆਸਤ ਦੋਵਾਂ ਖੇਤਰਾਂ ‘ਚ ਬਣਾਈ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1963 ਵਿੱਚ ਰਿਲੀਜ਼ ਹੋਈ ਫ਼ਿਲਮ ਮਹਾਨਗਰ ਤੋਂ ਕੀਤੀ ਸੀ। ਉਸ ਤੋਂ ਬਾਅਦ ਕਈ ਫ਼ਿਲਮਾਂ ‘ਚ ਉਸ ਨੇ ਦਮਦਾਰ ਅਦਾਕਾਰੀ ਦਿਖਾਈ। ਫ਼ਿਰ ਫ਼ਿਲਮੀ ਖੇਤਰ ਤੋਂ 18 ਸਾਲ ਦੀ ਬ੍ਰੇਕ ਲੈਣ ਮਗਰੋਂ ਜਯਾ ਨੇ ਫ਼ਿਲਮ ਹਜ਼ਾਰ ਚੌਰਾਸੀ ਕੀ ਮਾਂ (1998) ਨਾਲ ਬੌਲੀਵੁਡ ‘ਚ ਵਾਪਸੀ ਕੀਤੀ। ਇਸ ਫ਼ਿਲਮ ‘ਚ ਉਸ ਨੇ ਇੱਕ ਦੁਖੀ ਮਾਂ ਦੀ ਭੂਮਿਕਾ ਨਿਭਾਈ ਸੀ ਜਿਸ ਦਾ ਪੁੱਤਰ ਪੱਛਮੀ ਬੰਗਾਲ ਦੇ ਨਕਸਲੀਆਂ ਹੱਥੋਂ ਮਾਰਿਆ ਜਾਂਦਾ ਹੈ।
ਉਸ ਤੋਂ ਬਾਅਦ ਜਯਾ ਨੇ ਫ਼ਿਲਮ ਫ਼ਿਜ਼ਾ (2002) ‘ਚ ਇੱਕ ਵਾਰ ਫ਼ਿਰ ਮਾਂ ਦਾ ਦਮਦਾਰ ਕਿਰਦਾਰ ਨਿਭਾਇਆ। ਇਸ ਫ਼ਿਲਮ ਲਈ ਉਸ ਨੂੰ ਬਿਹਤਰੀਨ ਸਹਾਇਕ ਅਭਿਨੇਤਰੀ ਦਾ ਐਵਾਰਡ ਵੀ ਮਿਲਿਆ। ਜਯਾ ਬੱਚਨ ਨੇ ਫ਼ਿਲਮ ਕਭੀ ਖ਼ੁਸ਼ੀ ਕਭੀ ਗ਼ਮ ‘ਚ ਸ਼ਾਹਰੁਖ਼ ਅਤੇ ਰਿਤਿਕ ਦੀ ਮਾਂ ਦਾ ਕਿਰਦਾਰ ਵੀ ਬਾਖ਼ੂਬੀ ਨਿਭਾਇਆ ਸੀ। ਉਸ ਤੋਂ ਬਾਅਦ ਉਸ ਨੇ ਕਰਨ ਜੌਹਰ ਦੀ ਹੀ ਅਗਲੀ ਫ਼ਿਲਮ ਕੱਲ੍ਹ ਹੋਂ ਨਾ ਹੋਂ (2003) ‘ਚ ਵੀ ਅਭਿਨੇਤਰੀ ਪ੍ਰੀਟੀ ਜ਼ਿੰਟਾ ਦੀ ਮਾਂ ਦਾ ਯਾਦਗਾਰੀ ਕਿਰਦਾਰ ਨਿਭਾਇਆ। ਇਸ ਕਿਰਦਾਰ ਲਈ ਵੀ ਜਯਾ ਬੱਚਨ ਨੂੰ ਫ਼ਿਲਮਫ਼ੇਅਰ ਐਵਾਰਡ ਮਿਲਿਆ ਸੀ।
ਭਾਰਤ ਸਰਕਾਰ ਵਲੋਂ 1992 ਵਿੱਚ ਜਯਾ ਬੱਚਨ ਨੂੰ ਚੰਗੀ ਅਦਾਕਾਰੀ ਤੇ ਫ਼ਿਲਮਾਂ ‘ਚ ਯੋਗਦਾਨ ਲਈ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। 2007 ‘ਚ ਇਸ ਅਭਿਨੇਤਰੀ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਅਭਿਨੇਤਰੀਆਂ ਤੋਂ ਇਲਾਵਾ ਬੌਲੀਵੁਡ ਦੀਆਂ ਕਈ ਹੋਰ ਅਭਿਨੇਤਰੀਆਂ ਨੇ ਵੀ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਨਿਭਾਇਆ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ।
ਰਾਖੀ ਗ਼ੁਲਜ਼ਾਰ
ਅਦਾਕਾਰਾ ਰਾਖੀ ਗ਼ੁਲਜ਼ਾਰ ਦਾ ਜਨਮ 15 ਅਗਸਤ 1947 ਨੂੰ ਪੱਛਮੀ ਬੰਗਾਲ ‘ਚ ਹੋਇਆ ਸੀ। ਸ਼ੁਰੂਆਤੀ ਦੌਰ ‘ਚ ਉਸ ਨੇ ਬੰਗਾਲੀ ਫ਼ਿਲਮਾਂ ‘ਚ ਕੰਮ ਕੀਤਾ। ਫ਼ਿਰ 1970 ‘ਚ ਰਿਲੀਜ਼ ਹੋਈ ਫ਼ਿਲਮ ਜੀਵਨ ਮ੍ਰਿਤੂ ਤੋਂ ਰਾਖੀ ਨੇ ਬੌਲੀਵੁਡ ਫ਼ਿਲਮਾਂ ਦੇ ਆਪਣੇ ਸਫ਼ਰ ਦਾ ਆਗ਼ਾਜ਼ ਕੀਤਾ। ਇਸ ਫ਼ਿਲਮ ‘ਚ ਰਾਖੀ ਨਾਲ ਧਰਮਿੰਦਰ ਨੇ ਮੁੱਖ ਭੂਮਿਕਾ ਨਿਭਾਈ ਸੀ। ਉਸ ਤੋਂ ਬਾਅਦ ਇਸ ਚੁਲਬੁਲੀ ਅਭਿਨੇਤਰੀ ਨੇ ਕਈ ਫ਼ਿਲਮਾਂ ‘ਚ ਰੋਮੈਂਟਿਕ ਭੂਮਿਕਾਵਾਂ ਵੀ ਨਿਭਾਈਆਂ। ਫ਼ਿਰ ਇੱਕ ਦੌਰ ਅਜਿਹਾ ਆਇਆ ਜਦੋਂ ਉਸ ਨੇ ਬੌਲੀਵੁਡ ਫ਼ਿਲਮਾਂ ‘ਚ ਫ਼ਿਲਮੀ ਸਿਤਾਰਿਆਂ ਦੀ ਮਾਂ ਵਜੋਂ ਯਾਦਗਾਰੀ ਕਿਰਦਾਰ ਨਿਭਾਏ। ਰਾਖੀ ਨੂੰ ਤਿੰਨ ਵਾਰ ਫ਼ਿਲਮਫ਼ੇਅਰ ਐਵਾਰਡ ਅਤੇ ਇੱਕ ਵਾਰ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕਈ ਫ਼ਿਲਮਾਂ ‘ਚ ਉਸ ਨੂੰ ਬਿਹਤਰੀਨ ਸਹਾਇਕ ਅਭਿਨੇਤਰੀ ਦਾ ਐਵਾਰਡ ਵੀ ਮਿਲਿਆ। 2003 ‘ਚ ਇਸ ਅਦਾਕਾਰਾ ਨੂੰ ਰਾਸ਼ਟਰੀ ਪੁਰਸਕਾਰ ਪਦਮਸ਼੍ਰੀ ਨਾਲ ਵੀ ਨਿਵਾਜਿਆ ਗਿਆ। ਬਾਜ਼ੀਗਰ, ਕਰਨ ਅਰਜੁਨ, ਖ਼ਲਨਾਇਕ, ਰਾਮ ਲਖਨ, ਅਨਾੜੀ, ਬੌਰਡਰ, ਆਦਿ ਫ਼ਿਲਮਾਂ ‘ਚ ਰਾਖੀ ਗ਼ੁਲਜ਼ਾਰ ਵਲੋਂ ਨਿਭਾਏ ਗਏ ਮਾਂ ਦੇ ਕਿਰਦਾਰ ਯਾਦਗਾਰੀ ਰਹੇ।
ਵਹੀਦਾ ਰਹਿਮਾਨ
ਆਪਣੇ ਸਮੇਂ ‘ਚ ਰੋਮੈਂਟਿਕ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵਹੀਦਾ ਰਹਿਮਾਨ ਨੇ ਦਲਿਪ ਕੁਮਾਰ, ਰਜਿੰਦਰ ਕੁਮਾਰ, ਧਰਮਿੰਦਰ, ਆਦਿ ਵਰਗੇ ਸੁਪਰਸਟਾਰਜ਼ ਨਾਲ ਜ਼ਿਆਦਾਤਰ ਫ਼ਿਲਮਾਂ ਕੀਤੀਆਂ। ਵਹੀਦਾ ਨੇ ਬੌਲੀਵੁਡ ਸਫ਼ਰ ਦੀ ਸ਼ੁਰੂਆਤ 1956 ‘ਚ ਫ਼ਿਲਮ CID ਤੋਂ ਕੀਤੀ ਸੀ। ਵੈਸੇ ਇਸ ਤੋਂ ਪਹਿਲਾਂ ਉਹ ਕੁਝ ਤਮਿਲ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਸੀ। 3 ਫ਼ਰਵਰੀ 1938 ਨੂੰ ਜਨਮੀ ਇਹ ਅਭਿਨੇਤਰੀ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਤੋਂ ਇਲਾਵਾ ਦੋ ਵਾਰ ਫ਼ਿਲਮਫ਼ੇਅਰ ਐਵਾਰਡ ਅਤੇ ਇੱਕ ਵਾਰ ਨੈਸ਼ਨਲ ਫ਼ਿਲਮ ਐਵਾਰਡ ਮਿਲ ਚੁੱਕੇ ਹਨ। 2011 ‘ਚ ਵਹੀਦਾ ਰਹਿਮਾਨ ਨੂੰ ਚੰਗੀ ਅਦਾਕਾਰੀ ਲਈ ਭਾਰਤ ਸਰਕਾਰ ਵਲੋਂ ਰਾਸ਼ਟਰੀ ਪੁਰਸਕਾਰ ਪਦਮ ਭੂਸ਼ਨ ਨਾਲ ਵੀ ਸਨਮਾਨਿਤ ਕੀਤਾ ਗਿਆ। ਵਹੀਦਾ ਨੇ ਕੁਝ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਵੀ ਬਾਕੀ ਕਿਰਦਾਰਾਂ ਵਾਂਗ ਬਾਖ਼ੂਬੀ ਨਿਭਾਇਆ। ਜੋਤੀ ਬਣੇ ਜਵਾਲਾ, ਤ੍ਰਿਸ਼ੂਲ, ਜਵਾਲਾਮੁਖੀ, ਕੁਲੀ, ਨਮਕ ਹਲਾਲ, ਚਾਂਦਨੀ, ਆਦਿ ਫ਼ਿਲਮਾਂ ‘ਚ ਵਹੀਦਾ ਵਲੋਂ ਨਿਭਾਏ ਗਏ ਮਾਂ ਦੇ ਕਿਰਦਾਰ ਯਾਦਗਾਰੀ ਹੋ ਨਿਬੜੇ।