ਦੋ ਭਾਰਤੀ ਪਰਬਤਾਰੋਹੀਆਂ ਦੀ ‘ਕੰਚਨਜੰਗਾ ਚੋਟੀ’ ‘ਤੇ ਚੜ੍ਹਨ ਦੌਰਾਨ ਹੋਈ ਮੌਤ

ਕਾਠਮੰਡੂ — ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਰਬਤ ਚੋਟੀ ਕੰਚਨਜੰਗਾ ‘ਤੇ ਚੜ੍ਹਨ ਦੌਰਾਨ ਦੋ ਭਾਰਤੀ ਪਰਬਤਾਰੋਹੀਆਂ ਦੀ ਨੇਪਾਲ ਵਿਚ ਮੌਤ ਹੋ ਗਈ। ਇਨ੍ਹਾਂ ‘ਚੋਂ ਇਕ ਨੇ ਕੰਚਨਜੰਗਾ ‘ਤੇ ਸਫਲਤਾਪੂਰਵਕ ਚੜ੍ਹਾਈ ਵੀ ਪੂਰੀ ਕਰ ਲਈ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਿਪਲਬ ਵੈਧ (48) ਅਤੇ ਕੁੰਤਲ ਕਨਾਰ (46) ‘ਚ ਬੁੱਧਵਾਰ ਦੀ ਰਾਤ ਨੂੰ ਬੀਮਾਰੀ ਦਾ ਸ਼ਿਕਾਰ ਹੋ ਗਏ ਅਤੇ ਉੱਥੋਂ ਹੇਠਾਂ ਉਤਰਨ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਦੋਵੇਂ ਕੋਲਕਾਤਾ ਦੇ ਰਹਿਣ ਵਾਲੇ ਸਨ।
ਨੇਪਾਲ ਸੈਰ-ਸਪਾਟਾ ਮੰਤਰਾਲੇ ਵਲੋਂ ਆਧਾਰ ਕੈਂਪ ‘ਚ ਤਾਇਨਾਤ ਦਲ ਦੀ ਮੈਂਬਰ ਮੀਰਾ ਆਚਾਰੀਆ ਨੇ ਦੱਸਿਆ ਕਿ ਬਿਪਲਬ ਚੋਟੀ ‘ਤੇ ਸਫਲਤਾਪੂਰਵਕ ਚੜ੍ਹ ਗਏ ਸਨ ਪਰ ਕੁੰਤਲ ਰਸਤੇ ਵਿਚ ਹੀ ਬੀਮਾਰ ਪੈ ਗਏ। ਹੇਠਾਂ ਉਤਰਨ ਸਮੇਂ ਦੋਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਸਾਥੀ ਪਰਬਤਾਰੋਹੀਆਂ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੂੰ ਰਾਹਤ ਮੁਹਿੰਮ ਚਲਾ ਕੇ ਬਹੁਤ ਮੁਸ਼ਕਲ ਨਾਲ ਆਧਾਰ ਕੈਂਪ ਤਕ ਲਿਆਂਦਾ ਗਿਆ ਸੀ।