ਅਲਵਰ ਗੈਂਗਰੇਪ ਪੀੜਤਾ ਨੂੰ ਮਿਲੇ ਰਾਹੁਲ ਗਾਂਧੀ, ਕਿਹਾ- ਹੋਵੇਗਾ ਨਿਆਂ

ਅਲਵਰ— ਰਾਜਸਥਾਨ ਦੇ ਅਲਵਰ ‘ਚ ਗੈਂਗਰੇਪ ਦਾ ਸ਼ਿਕਾਰ ਹੋਈ ਔਰਤ ਨਾਲ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੁਲਾਕਾਤ ਕੀਤੀ। ਰਾਹੁਲ ਨੇ ਦਾਅਵਾ ਕੀਤਾ ਕਿ ਪੀੜਤਾ ਨੂੰ ਜਲਦ ਤੋਂ ਜਲਦ ਨਿਆਂ ਦਿਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਨਿਆਇਕ ਪ੍ਰਕਿਰਿਆ ਦੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਵੇਗੀ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਤਰ੍ਹਾਂ ਸਿਆਸਤ ਨਹੀਂ ਕਰਦੀ ਹੈ। ਉਨ੍ਹਾਂ ਨੇ ਕਿਹਾ,”ਇਹ ਮੁੱਦਾ ਮੇਰੇ ਲਈ ਸਿਆਸੀ ਨਹੀਂ ਹੈ। ਇਹ ਮੇਰੇ ਲਈ ਭਾਵਨਾਤਮਕ ਮਾਮਲਾ ਹੈ। ਮੈਂ ਇੱਥੇ ਰਾਜਨੀਤੀ ਕਰਨ ਨਹੀਂ ਆਇਆ ਸਗੋਂ ਪੀੜਤਾ ਨਾਲ ਮੁਲਾਕਾਤ ਕਰਨ ਆਇਆ ਹਾਂ।” ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੀੜਤਾ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ। ਰਾਹੁਲ ਨੇ ਕਿਹਾ,”ਜਿਵੇਂ ਹੀ ਮੈਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਮੈਂ ਅਸ਼ੋਕ ਗਹਿਲੋਤ ਨਾਲ ਗੱਲ ਕੀਤੀ। ਮੇਰੇ ਲਈ ਇਹ ਸਿਆਸੀ ਮੁੱਦਾ ਨਹੀਂ ਹੈ। ਮੈਂ ਪੀੜਤ ਪਰਿਵਾਰ ਨੂੰ ਮਿਲਿਆ। ਉਨ੍ਹਾਂ ਨੇ ਨਿਆਂ ਦੀ ਮੰਗ ਕੀਤੀ। ਉਨ੍ਹਾਂ ਨਾਲ ਨਿਆਂ ਕੀਤਾ ਜਾਵੇਗਾ। ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।”
ਰਾਹੁਲ ਦੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ
ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਪੀੜਤਾ ਨੇ ਕਿਹਾ ਕਿ ਰਾਹੁਲ ਗਾਂਧੀ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਮਿਲੇ। ਪੀੜਤਾ ਨੇ ਕਿਹਾ,”ਰਾਹੁਲ ਨੇ ਸਾਡੇ ਨਾਲ ਮੁਲਾਕਾਤ ਕੀਤੀ। ਸਾਡੀਆਂ ਗੱਲਾਂ ਸੁਣੀਆਂ। ਅਸੀਂ ਜੋ-ਜੋ ਮੰਗ ਰੱਖੀ ਸੀ, ਰਾਹੁਲ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪੂਰੀ ਕਰਨ ਲਈ ਕਿਹਾ ਹੈ। ਰਾਹੁਲ ਅਤੇ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਤੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਹੈ। ਰਾਹੁਲ ਠੀ ਕਹਿ ਰਹੇ ਹਨ। ਉਹ ਸਾਡੇ ਘਰ ਦੇ ਮੈਂਬਰ ਦੀ ਤਰ੍ਹਾਂ ਮਿਲੇ ਹਨ।”
26 ਅਪ੍ਰੈਲ ਨੂੰ ਹੋਇਆ ਸੀ ਗੈਂਗਰੇਪ
ਦੱਸਣਯੋਗ ਹੈ ਕਿ ਰਾਜਸਥਾਨ ਦੇ ਅਲਵਰ ‘ਚ ਇਕ 19 ਸਾਲਾ ਦਲਿਤ ਔਰਤ ਨਾਲ ਉਸ ਦੇ ਪਤੀ ਦੇ ਸਾਹਮਣੇ 26 ਅਪ੍ਰੈਲ ਨੂੰ ਗੈਂਗਰੇਪ ਹੋਇਆ ਸੀ। ਕੁਝ ਲੋਕਾਂ ਨੇ ਥਾਣਾਗਾਜੀ-ਅਲਵਰ ਰੋਡ ‘ਤੇ ਮੋਟਰ ਸਾਈਕਲ ‘ਤੇ ਜਾ ਰਹੇ ਦਲਿਤ ਜੋੜੇ ਨੂੰ ਰੋਕਿਆ ਅਤੇ ਪਤੀ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਪਤੀ ਦੇ ਸਾਹਮਣੇ ਔਰਤ ਨਾਲ ਗੈਂਗਰੇਪ ਕੀਤਾ। ਇਕ ਦੋਸ਼ੀ ਨੇ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਸੀ। ਘਟਨਾ ਦੇ ਬਾਅਦ ਤੋਂ ਰਾਜਸਥਾਨ ਪੁਲਸ ‘ਤੇ ਲਾਪਰਵਾਹੀ ਦੇ ਦੋਸ਼ ਲੱਗਦੇ ਰਹੇ।