ਭਾਜਪਾ ਵਲੋਂ ਕਾਂਗਰਸੀ ਵਿਧਾਇਕ ਪਾਹੜਾ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਕੋਲ ਪੰਜਾਬ ਦੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ‘ਚ ਉਨ੍ਹਾਂ ‘ਤੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਜ਼ਾਬਤੇ ਦੀ ਉਲੰਘਣਾ ਕਰਦਿਆਂ ਸ਼ਰੇਆਮ ਵੋਟਰਾਂ ਨੂੰ ਧਮਕਾਇਆ ਅਤੇ ਗੁੰਮਰਾਹ ਕੀਤਾ ਹੈ। ਵਿਧਾਇਕ ਪਾਹੜਾ ਦੇ ਭਾਸ਼ਣ ਦੀ ਭੇਜੀ ਵੀਡੀਓ ‘ਚ ਇਹ ਗੱਲਾਂ ਵੀ ਸਾਫ ਸਾਹਮਣੇ ਆਈਆਂ ਕਿ ਵਿਧਾਇਕ ਨੇ 12 ਮਈ ਨੂੰ ਪਿੰਡ ਭੁੰਬਲੀ ‘ਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ‘ਚ ਇਕ ਰੈਲੀ ਕੀਤੀ ਸੀ। ਉਸ ‘ਚ ਵਿਧਾਇਕ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਵੋਟਰਾਂ ਨੂੰ ਧਮਕਾਉਂਦਿਆਂ ਆਖਿਆ ਕਿ ਉਹ ਮੌਜੂਦਾ ਸਰਕਾਰ ‘ਚ ਵਿਧਾਇਕ ਹਨ। ਉਨ੍ਹਾਂ ਨੂੰ ਇਹ ਸਭ ਕੁੱਝ ਪਤਾ ਲੱਗ ਜਾਵੇਗਾ ਕਿ ਕਿਸ ਨੇ ਕਿਸ ਨੂੰ ਵੋਟ ਪਾਈ ਹੈ। ਇਸ ਕਰ ਕੇ ਸਭ ਇਸ ਗੱਲ ਦਾ ਧਿਆਨ ਰੱਖਣ। ਇਸ ‘ਚ ਸਾਫ ਨਜ਼ਰ ਆਉਂਦਾ ਹੈ ਕਿ ਇਹ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਧਮਕਾ ਰਿਹਾ ਹੈ।