ਨਵੀਂ ਦਿੱਲੀ— ਕੋਲਕਾਤਾ ‘ਚ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ‘ਚ ਹੋਈ ਹਿੰਸਾ ਅਤੇ ਅਗਜਨੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਮਮਤਾ ਬੈਨਰਜੀ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਪੱਛਮੀ ਬੰਗਾਲ ਦੀ ਸਥਿਤੀ ਨੂੰ ਕਸ਼ਮੀਰ ਨਾਲੋਂ ਵੀ ਬਦਤਰ ਦੱਸਿਆ। ਮੋਦੀ ਨੇ ਕਿਹਾ,”ਕਸ਼ਮੀਰ ਹਿੰਸਾ ਅਤੇ ਅੱਤਵਾਦ ਲਈ ਜਾਣਿਆ ਜਾਂਦਾ ਹੈ। ਕਸ਼ਮੀਰ ‘ਚ ਪੰਚਾਇਤੀ ਚੋਣਾਂ ਹੋਈਆਂ। ਇਕ ਵੀ ਪੋਲਿੰਗ ਬੂਥ ‘ਤੇ ਹਿੰਸਾ ਦੀ ਇਕ ਵੀ ਘਟਨਾ ਨਹੀਂ ਹੋਈ। ਉਸ ਸਮੇਂ ਪੱਛਮੀ ਬੰਗਾਲ ‘ਚ ਪੰਚਾਇਤੀ ਚੋਣਾਂ ਹੋਈਆਂ। ਸੈਂਕੜੇ ਲੋਕ ਮਾਰੇ ਗਏ, ਜੋ ਜਿੱਤ ਕੇ ਆਏ, ਉਨ੍ਹਾਂ ਦੇ ਘਰ ਸਾੜ ਦਿੱਤੇ ਗਏ। ਜੋ ਜਿੱਤ ਕੇ ਆਏ ਉਨ੍ਹਾਂ ਨੂੰ ਝਾਰਖੰਡ ਅਤੇ ਗੁਆਂਢੀ ਰਾਜਾਂ ‘ਚ ਮੂੰਹ ਲੁਕਾ ਕੇ ਰਹਿਣਾ ਪਿਆ। ਉਨ੍ਹਾਂ ਦਾ ਗੁਨਾਹ ਸੀ ਕਿ ਉਹ ਜਿੱਤ ਕੇ ਆਏ। ਉਸ ਸਮੇਂ ਲੋਕਤੰਤਰ ਦੀ ਗੱਲ ਕਰਨ ਵਾਲੇ ਅਤੇ ਖੁਦ ਨੂੰ ਨਿਊਟ੍ਰਲ ਕਹਿਣ ਵਾਲੇ ਚੁੱਪ ਰਹੇ। ਇਸ ਨਾਲ ਉਨ੍ਹਾਂ ਨੂੰ ਤਾਕਤ ਮਿਲਦੀ ਗਈ।”
ਮਮਤਾ ਨੂੰ ਬੰਗਾਲ ਦੀ ਜਨਤਾ ਤੋਂ ਲੱਗਦਾ ਹੈ ਡਰ
ਨਿੱਜੀ ਚੈਨਲ ਨਾਲ ਗੱਲਬਾਤ ‘ਚ ਮੋਦੀ ਨੇ ਕਿਹਾ ਕਿ ਮਮਤਾ ਬੈਨਰਜੀ ਨੂੰ ਭਾਜਪਾ, ਖੱਬੇ ਪੱਖੀ ਜਾਂ ਕਾਂਗਰਸ ਦਾ ਡਰ ਨਹੀਂ ਹੈ ਸਗੋਂ ਉਨ੍ਹਾਂ ਨੂੰ ਬੰਗਾਲ ਦੀ ਜਨਤਾ ਤੋਂ ਡਰ ਲੱਗ ਰਿਹਾ ਹੈ। ਉਨ੍ਹਾਂ ਨੇ ਕਿਹਾ,”ਚੋਣਾਂ ਤੋਂ ਪਹਿਲਾਂ ਭਾਜਪਾ ਨੇਤਾਵਾਂ ਦੀਆਂ ਰੈਲੀਆਂ ਰੱਦ ਕੀਤੀਆਂ ਗਈਆਂ, ਇਕ ਸੂਬੇ ਦੇ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਨਹੀਂ ਉਤਰਨ ਦਿੱਤਾ ਗਿਆ। ਪ੍ਰਧਾਨ ਮੰਤਰੀ ਦੀ ਸਭਾ ਰੱਦ ਕੀਤੀ ਗਈ, ਰਾਤ 9 ਵਜੇ ਮਨਜ਼ੂਰੀ ਮਿਲੀ। ਅਮਿਤ ਸ਼ਾਹ ਦੀ ਸਭਾ ਰੱਦ ਕਰ ਦਿੱਤੀ ਗਈ। ਇਹ ਪੂਰੀ ਤਰ੍ਹਾਂ ਅਲੋਕਤੰਤਰੀ ਹੈ। ਉਨ੍ਹਾਂ ਨੂੰ ਭਾਜਪਾ, ਖੱਬੇ ਪੱਖੀ ਜਾਂ ਕਾਂਗਰਸ ਦਾ ਡਰ ਨਹੀਂ ਹੈ, ਉਨ੍ਹਾਂ ਨੂੰ ਡਰ ਬੰਗਾਲ ਦੀ ਜਨਤਾ ਦਾ ਹੈ। ਉਨ੍ਹਾਂ ਨੂੰ ਡਰ ਹੈ ਕਿ ਬੰਗਾਲ ਦੀ ਜਨਤਾ ਜੇਕਰ ਖੜ੍ਹੀ ਹੋ ਗਈ ਤਾਂ ਉਨ੍ਹਾਂ ਦਾ (ਮਮਤਾ) ਭਵਿੱਖ ਹਨ੍ਹੇਰੇ ‘ਚ ਚੱਲਾ ਜਾਵੇਗਾ।”
ਖੁਦ ਨੂੰ ਨਿਰਪੱਖ ਕਹਿਣ ਵਾਲਿਆਂ ਦੀ ਚੁੱਪੀ ਚਿੰਤਾਜਨਕ
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ਦੀਆਂ ਘਟਨਾਵਾਂ ‘ਤੇ ਖੁਦ ਨੂੰ ਨਿਰਪੱਖ ਕਹਿਣ ਵਾਲਿਆਂ ਦੀ ਚੁੱਪੀ ਚਿੰਤਾ ਦੀ ਗੱਲ ਹੈ। ਉਨ੍ਹਾਂ ਨੇ ਕਿਹਾ,”ਦੇਸ਼ ‘ਚ ਜੋ ਲੋਕ ਲੋਕਤੰਤਰ ‘ਚ ਵਿਸ਼ਵਾਸ ਕਰਦੇ ਹਨ ਅਤੇ ਜੋ ਨਿਊਟ੍ਰਲ ਹਨ, ਉਨ੍ਹਾਂ ਦਾ ਮੌਨ ਚਿੰਤਾਜਨਕ ਹੈ, ਕਿਉਂਕਿ ਸਿਰਫ਼ ਮੋਦੀ ਦੇ ਪ੍ਰਤੀ ਨਫ਼ਰਤ ਕਾਰਨ ਬਾਕੀ ਸਾਰੀਆਂ ਚੀਜ਼ਾਂ ਮੁਆਫ਼ ਕਰਨ ਦਾ ਜੋ ਤਰੀਕਾ ਬਣ ਗਿਆ ਹੈ, ਇਸ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ।”