ਬਠਿੰਡਾ : ਲੋਕ ਸਭਾ ਚੋਣਾਂ ‘ਚ ਪੰਜਾਬ ਦੀ ਸਰਗਰਮ ਸਿਆਸਤ ‘ਚੋਂ ਮਨਫੀ ਚੱਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪਹੁੰਚੇ। ਇਸ ਦੌਰਾਨ ਮੰਚ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ 17 ਤਰੀਕ ਨੂੰ ਉਹ ਬਠਿੰਡਾ ‘ਚ ਰਾਜਾ ਵੜਿੰਗ ਲਈ 10 ਰੈਲੀਆਂ ਕਰਕੇ ਜਾਵਾਂਗਾ। ਉਨ੍ਹਾਂ ਕਿਹਾ ਕਿ ਜੇ ਨਵਜੋਤ ਸਿੱਧੂ ਆਪਣੀ ਜ਼ਿੰਦਗੀ ਵਿਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਦਿਵਾ ਸਕਿਆ ਤਾਂ ਉਸ ਦੀ ਰੂਹ ਸਦਾ ਲਈ ਭਟਕਦੀ ਰਹੇਗੀ। ਸਿੱਧੂ ਨੇ ਕਿਹਾ ਕਿ ਉਹ ਇਸ ਬਠਿੰਡਾ ਦੀ ਧਰਤੀ ‘ਤੇ ਪ੍ਰਣ ਲੈਂਦੇ ਹਨ ਕਿ ਜੇਕਰ ਉਹ ਆਪਣੇ ਗੁਰੂ ਦਾ ਸਨਮਾਨ ਨਾ ਰੱਖ ਸਕੇ ਤਾਂ ਰਾਜਨੀਤੀ ਸਦਾ ਲਈ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਉਹ ਵਚਨ ਦਿੰਦੇ ਹਨ ਕਿ ਪ੍ਰਿਅਕਾ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਸਾਬ੍ਹ ਲਈ 17 ਤਰੀਕ ਨੂੰ ਬਠਿੰਡਾ ਆਉਣਗੇ ਅਤੇ ਬਾਦਲਾਂ ਦਾ ਤਖਤਾ ਪਲਟਾ ਕੇ ਜਾਣਗੇ। ਸਿੱਧੂ ਨੇ ਕਿਹਾ ਮੇਰਾ ਕਿਸੇ ਨਾਲ ਕੋਈ ਮਤਭੇਦ ਨਹੀਂ ਹੈ। ਸਿੱਧੂ ਨੂੰ ਜ਼ਿੰਦਗੀ ਵਿਚ ਕੁੱਝ ਨਹੀਂ ਚਾਹੀਦਾ ਸਿੱਧੂ ਪੰਜਾਬ ਦੀਆਂ ਨੀਹਾਂ ਦੇ ਹੇਠਾਂ ਵੀ ਚੀਣਿਆਂ ਗਿਆ। ਇਸ ਦੌਰਾਨ ਪ੍ਰਿਅੰਕਾ ਗਾਂਧੀ ਲਈ ਕੁੱਝ ਲਾਈਨ ਅਰਜ਼ ਕਰਦੇ ਹੋਏ ਸਿੱਧੂ ਨੇ ਕਿਹਾ-
ਆਕਾਸ਼ ਦੀ ਕੋਈ ਸੀਮਾ ਨਹੀਂ
ਪ੍ਰਿਥਵੀ ਦਾ ਕੋਈ ਤੋਲ ਨਹੀਂ
ਸਾਧੂ ਦੀ ਕੋਈ ਜਾਤ ਨਹੀਂ
ਤੇ ਪਾਰਸ ਅਤੇ ਪ੍ਰਿਅੰਕਾ ਜੀ ਦਾ ਕੋਈ ਤੋਲ ਨਹੀਂ ਕੋਈ ਮੋਲ ਨਹੀਂ।
ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਕੋਈ ਐੱਮ.ਪੀ., ਐੱਮ.ਐੱਲ.ਏ. ਜਾਂ ਮੰਤਰੀ ਬਣਨ ਦੀ ਇੱਛਾ ਨਹੀਂ ਹੈ। ਮੇਰੀ ਇਕ ਹੀ ਇੱਛਾ ਹੈ ਕਿ ਮੈਂ ਬਠਿੰਡਾ ਦੀ ਧਰਤੀ ‘ਤੇ ਇਕ ਵਾਰ ਹਰਸਿਮਰਤ ਬਾਦਲ ਨੂੰ ਜ਼ਰੂਰ ਹਰਾਵਾਂ। ਮੈਂ ਇਤਿਹਾਸ ਦੇ ਪੰਨਿਆਂ ਵਿਚ ਇਹ ਦਰਜ ਕਰਾਉਣਾ ਚਾਹੁੰਦਾ ਹਾਂ ਕਿ ਇਕ ਸਾਧਾਰਨ ਪਰਿਵਾਰ ਦੇ ਵਿਅਕਤੀ ਨੇ ਬਾਦਲਾਂ ਨੂੰ ਹਰਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਤੁਸੀਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦਾ ਕਾਰਜਕਾਲ ਦੇਖਿਆ ਹੈ। ਤੁਸੀਂ ਦੇਖਿਆ ਹੈ ਉਨ੍ਹਾਂ ਕਿਹੋ ਜਿਹੇ ਕਾਰਜ ਕੀਤੇ ਹਨ। ਉਨ੍ਹਾਂ ਦੇ ਕਾਰਜਕਾਲ ਵਿਚ ਬੇਅਦਬੀ ਹੋਈ ਪਰ ਸਰਕਾਰ ਬਾਦਲ ਨੂੰ ਤਰਸ ਨਹੀਂ ਆਇਆ। ਇਸ ਦੌਰਾਨ ਵੜਿੰਗ ਨੇ ਬੇਨਤੀ ਕਰਦੇ ਹੋਏ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾ ਕੇ ਮੈਨੂੰ ਕਾਮਯਾਬ ਬਣਾਓ।