ਚੰਡੀਗੜ੍ਹ : ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਵਲੋਂ ਆਪਣੀਆਂ ਮੰਗਾਂ ਸਬੰਧੀ ਮੰਗਲਵਾਰ ਨੂੰ ਜਦੋਂ ਚੰਡੀਗੜ੍ਹ ਰਾਜ ਭਵਨ ਦਾ ਘਿਰਾਓ ਕਰਨ ਲਈ ਪੈਦਲ ਮਾਰਚ ਕੀਤਾ ਗਿਆ ਤਾਂ ਪੁਲਸ ਨੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰਸਤੇ ‘ਚ ਹੀ ਰੋਕ ਲਿਆ। ਸਿਰਫ ਇੰਨਾ ਹੀ ਨਹੀਂ, ਪੁਲਸ ਵਲੋਂ ਕਿਸਾਨਾਂ ‘ਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ। ਇਸ ਦੌਰਾਨ ਪੁਲਸ ਨੇ ਕਿਸਾਨਾਂ ‘ਤੇ ਹਲਕਾ ਲਾਠੀਚਾਰਜ ਵੀ ਕੀਤਾ, ਜਿਸ ਦੌਰਾਨ ਕਈ ਕਿਸਾਨ ਜ਼ਖਮੀਂ ਹੋ ਗਏ।
ਜਾਣਕਾਰੀ ਮੁਤਾਬਕ ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਵਲੋਂ ਮੰਗਲਵਾਰ ਨੂੰ ਹਜ਼ਾਰਾਂ ਦੀ ਗਿਣਤੀ ‘ਚ ਚੰਡੀਗੜ੍ਹ ਦੇ ਰਾਜ ਭਵਨ ਦਾ ਘਿਰਾਅ ਕਰਨ ਲਈ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰੇ ਤੋਂ ਇਕ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਸੀ। ਕਿਸਾਨਾਂ ਵਲੋਂ ਚੰਡੀਗੜ੍ਹ ‘ਚ ਗਰਮੀ ਦੌਰਾਨ ਕਿਸਾਨਾਂ ਦੀ ਹੋ ਰਹੀ ਤਬਾਹੀ ਨੂੰ ਰੋਕਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਇਕ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਕੈਪਟਨ ਅਤੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਰਾਜ ਭਵਨ ਵੱਲ ਵਧ ਰਹੇ ਸਨ।
ਇਸ ਦੌਰਾਨ ਚੰਡੀਗੜ੍ਹ-ਮੋਹਾਲੀ ਦੀ ਸਰਹੱਦੀ ‘ਤੇ ਕਿਸਾਨਾਂ ਨੂੰ ਪੁਲਸ ਵਲੋਂ ਰੋਕ ਲਿਆ ਗਿਆ ਅਤੇ ਉਨ੍ਹਾਂ ‘ਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ। ਅਚਾਨਕ ਹੋਈਆਂ ਵਾਛੜਾਂ ਕਾਰਨ ਕਈ ਕਿਸਾਨ ਪੱਕੀ ਸੜਕ ‘ਤੇ ਡਿਗਣ ਕਾਰਨ ਜ਼ਖਮੀਂ ਹੋ ਗਏ। ਇਸ ਦੌਰਾਨ ਪੁਲਸ ਨੇ ਹਲਕਾ ਲਾਠੀਚਾਰਜ ਵੀ ਕੀਤਾ। ਕਿਸਾਨਾਂ ਦੀਆਂ ਮੁੱਖ ਮੰਗਾਂ ਸਨ ਕਿ ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਕਿਸਾਨਾਂ ਨੂੰ ਲੈ ਕੇ ਸਰਕਾਰਾਂ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ।
ਇਸ ਤੋਂ ਇਲਾਵਾ ਸਵਾਮੀਨਾਥਮ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ, ਗੰਨੇ ਦਾ ਭਾਅ ਵਧਾਇਆ ਜਾਵੇ। ਇਨ੍ਹਾਂ ਮੰਗਾਂ ਦੇ ਚੱਲਦਿਆਂ ਹੀ ਅੱਜ ਹਜ਼ਾਰਾਂ ਦੀ ਗਿਣਤੀ ‘ਚ ਇੱਥੇ ਕਿਸਾਨ ਇਕੱਠੇ ਹੋਏ।