ਨਵੀਂ ਦਿੱਲੀ— ਮੋਦੀ ਸਰਕਾਰ ਬਾਰੇ ਬਸਪਾ ਸੁਪਰੀਮੋ ਮਾਇਆਵਤੀ ਦੀ ਟਿੱਪਣੀ ‘ਤੇ ਚੁਟਕੀ ਲੈਂਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਜਿਨ੍ਹਾਂ ਦੀ ਖੁਦ ਦੀ ਕਿਸ਼ਤੀ ਡੁੱਬੀ ਹੋਵੇ, ਉਨ੍ਹਾਂ ਨੂੰ ਦੂਜਿਆਂ ਦੀ ਕਿਸ਼ਤੀ ਕਿੱਥੋਂ ਦਿਖੇਗੀ, ਚੋਣ ਨਤੀਜੇ ਆਉਣ ਦਿਓ, ਉਨ੍ਹਾਂ ਨੂੰ ਪਤਾ ਲੱਗ ਜਾਵੇਗਾ।” ਰਾਜਨਾਥ ਨੇ ਬਸਪਾ ਸੁਪਰੀਮੋ ਮਾਇਆਵਤੀ ਦੀ ਉਸ ਟਿੱਪਣੀ ਬਾਰੇ ਪੁੱਛਿਆ ਸੀ, ਜਿਸ ‘ਚ ਉਨ੍ਹਾਂ ਨੇ ਅੱਜ ਯਾਨੀ ਮੰਗਲਵਾਰ ਨੂੰ ਕਿਹਾ ਕਿ ਪੀ.ਐੱਮ. ਨਰਿੰਦਰ ਮੋਦੀ ਦੀ ਸਰਕਾਰ ਦੀ ਕਿਸ਼ਤੀ ਡੁੱਬ ਰਹੀ ਹੈ।” ਮਾਇਆਵਤੀ ਨੇ ਟਵੀਟ ਕਰਦੇ ਹੋਏ ਲਿਖਿਆ,”ਇਸ ਦਾ ਜਿਉਂਦਾ ਜਾਗਦਾ ਸਬੂਤ ਇਹ ਹੈ ਕਿ (ਰਾਸ਼ਟਰੀ ਸੋਇਮ ਸੇਵਕ ਸੰਘ) ਆਰ.ਐੱਸ.ਐੱਸ. ਨੇ ਵੀ ਇਨ੍ਹਾਂ ਦਾ ਸਾਥ ਛੱਡ ਦਿੱਤਾ ਹੈ, ਜਿਸ ਨਾਲ ਮੋਦੀ ਦੇ ਪਸੀਨੇ ਛੁੱਟ ਰਹੇ ਹਨ।”
ਰਾਜਨਾਥ ਸਿੰਘ ਨੇ ਕਿਹਾ,”ਮਾਇਆਵਤੀਜੀ ਨੂੰ ਕਹਿਣ ਦਿਓ। ਚੋਣ ਨਤੀਜੇ ਆਉਣ ਦਿਓ, ਪਤਾ ਲੱਗ ਜਾਵੇਗਾ ਕਿ ਕਿਸ ਦੀ ਕਿਸ਼ਤੀ ਡੁੱਬੀ ਹੈ।” ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੀ ਖੁਦ ਦੀ ਕਿਸ਼ਤੀ ਡੁੱਬੀ ਹੈ, ਖੁਦ ਡੁੱਬੇ ਹਨ, ਉਨ੍ਹਾਂ ਨੂੰ ਕਿੱਥੋਂ ਇਹ ਦਿਖ ਰਿਹਾ ਹੈ। ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਜਿੱਥੇ ਤੱਕ ਆਰ.ਐੱਸ.ਐੱਸ. ਦਾ ਸਵਾਲ ਹੈ, ਇਹ ਕੋਈ ਸਿਆਸੀ ਸੰਗਠਨ ਨਹੀਂ ਹੈ, ਇਹ ਸਮਾਜਿਕ ਸੰਸਕ੍ਰਿਤੀ ਸੰਗਠਨ ਹੈ। ਉਨ੍ਹਾਂ ਨੇ ਕਿਹਾ ਕਿ ਸਪਾ ਅਤੇ ਬਸਪਾ ਦੋਹਾਂ ਦੀ ਆਮ ਲੋਕਾਂ ‘ਚ ਭਰੋਸੇਯੋਗਤਾ ਕਾਫੀ ਘੱਟ ਹੋਈ ਹੈ। ਸਿੰਘ ਨੇ ਕਿਹਾ ਕਿ ਵਿਰੋਧੀਆਂ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਰਕਾਰ ਬਣਾਉਣਗੇ ਪਰ ਜਨਤਾ ਇਨ੍ਹਾਂ ਤੋਂ ਪੁੱਛ ਰਹੀ ਹੈ ਕਿ ਇਨ੍ਹਾਂ ਦਾ ਨੇਤਾ ਕੌਣ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਣਪਛਾਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਲੋਕਤੰਤਰੀ ਵਿਵਸਥਾ ‘ਚ ਜਨਤਾ ਨੂੰ ਹਨ੍ਹੇਰੇ ‘ਚ ਨਹੀਂ ਰੱਖਿਆ ਜਾ ਸਕਦਾ ਅਤੇ ਜਨਤਾ ਨਾਲ ਲੁੱਕਣ-ਮੀਟੀ ਦਾ ਖੇਡ ਨਹੀਂ ਹੋਣਾ ਚਾਹੀਦਾ।