ਸ਼ਿਮਲਾ — ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਮੰਗਲਵਾਰ ਭਾਵ ਅੱਜ ਹੋਣ ਵਾਲੀ ਹਿਮਾਚਲ ਪ੍ਰਦੇਸ਼ ਦੀ ਯਾਤਰਾ ਨੂੰ ਖਰਾਬ ਮੌਸਮ ਦੀ ਵਜ੍ਹਾ ਕਰ ਕੇ ਰੱਦ ਕਰ ਦਿੱਤਾ ਗਿਆ। ਪ੍ਰਦੇਸ਼ ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਨੇ ਮੰਡੀ ਦੇ ਕਾਂਗਰਸ ਉਮੀਦਵਾਰ ਆਸ਼ਰਯ ਸ਼ਰਮਾ ਦੇ ਪੱਖ ਵਿਚ ਸੁੰਦਰਨਗਰ ‘ਚ ਇਕ ਰੈਲੀ ਨੂੰ ਸੰਬੋਧਿਤ ਕਰਨਾ ਸੀ। ਆਸ਼ਰਯ ਸ਼ਰਮਾ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਰਾਮ ਸਵਰੂਪ ਸ਼ਰਮਾ ਵਿਰੁੱਧ ਮੈਦਾਨ ਵਿਚ ਹਨ। ਉਹ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦੇ ਪੋਤੇ ਹਨ।
ਆਸ਼ਰਯ ਦੇ ਪਿਤਾ ਅਨਿਲ ਸ਼ਰਮਾ ਨੇ ਹਾਲ ਹੀ ਵਿਚ ਪ੍ਰਦੇਸ਼ ਸਰਕਾਰ ਦੀ ਕੈਬਨਿਟ ਤੋਂ ਅਸਤੀਫਾ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 4 ਸੀਟਾਂ ‘ਤੇ 19 ਮਈ ਨੂੰ ਵੋਟਾਂ ਪੈਣਗੀਆਂ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਨਿਲ ਸ਼ਰਮਾ ਆਪਣੇ ਬੇਟੇ ਆਸ਼ਰਯ ਅਤੇ ਪਿਤਾ ਨਾਲ ਭਾਜਪਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਮੰਡੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ ਸੀ ਅਤੇ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿਚ ਊਰਜਾ ਮੰਤਰੀ ਬਣਾਏ ਗਏ ਸਨ।